ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ - ਵਿਵੇਕ

ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ- ਵਿਵੇਕ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-34
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਵਿਵੇਕ, ਕੋਟ ਈਸੇ ਖਾਂ ਪੰਜਾਬੀ ਮਿੰਨੀ ਕਹਾਣੀ ਦਾ ਚਰਚਿਤ ਹਸਤਾਖਰ ਹੈ। ਹੁਣ ਤੱਕ ਇਸ ਦੇ ਦੋ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਸਾਂਝ’ ਅਤੇ ‘ਨਕਲੀ ਲੋਕ’ ਛਪ ਚੁੱਕੇ ਹਨ ਅਤੇ ਇਸ ਦੀਆਂ ਮਿੰਨੀ ਕਹਾਣੀਆਂ ਅਕਸਰ ਹੀ ਸਮਾਗਮਾਂ ਵਿਚ ਭਰਵੀਂ ਦਾਦ ਪ੍ਰਾਪਤ ਕਰਦੀਆਂ ਹਨ। ਅਜੋਕੇ ਸਮਾਜ ਦੇ ਵਿਭਿੰਨ ਵਰਤਾਰਿਆਂ ਨੂੰ ਰੂਪਮਾਨ ਕਰਦੀਆਂ ਹੋਈਆਂ ਵਿਵੇਕ ਦੀਆਂ ਮਿੰਨੀ ਕਹਾਣੀਆਂ ਪਾਠਕਾਂ ਵਿਚ ਨਵੀਂ ਚੇਤਨਾ ਦਾ ਪ੍ਰਵਾਹ ਕਰਨ ਦਾ ਦਮ ਖਮ ਰੱਖਦੀਆਂ ਹਨ।

 

ਮਿੰਨੀ ਕਹਾਣੀ ਨਾਲ ਇਹ ਸ਼ਖਸ਼ ਪ੍ਰਤੀਬੱਧਤਾ ਨਾਲ ਪਿਛਲੇ ਲੰਬੇਂ ਸਮੇਂ ਤੋਂ ਜੁੜਿਆ ਹੋਇਆ ਹੈ ਤੇ ਇਸ ਦੀ ਸਮਾਗਮਾਂ ਵਿਚ ਸ਼ਮੂਲੀਅਤ ਵੀ ਲਗਾਤਾਰ ਦੇਖੀ ਜਾਂਦੀ ਹੈ।


ਵਿਵੇਕ ਦਾ ਜਨਮ 13 ਦਸੰਬਰ 1968 ਨੂੰ ਹੋਇਆ।ਇਨ੍ਹਾਂ ਦੀਆਂ ਹੋਰਨਾਂ ਵਿਧਾਵਾਂ ਦੀਆਂ ਦੀਆਂ ਵੀ ਕਈ ਕਿਤਾਬਾਂ ਛਪ ਚੁੱਕੀਆਂ ਹਨ, ਪਰ ਮਿੰਨੀ ਕਹਾਣੀ ਦੇ ਖੇਤਰ ਵਿਚ ਪਛਾਣ ਜਿਆਦਾ ਹੈ।ਇਨ੍ਹਾਂ ਵੱਲੋਂ ‘ਮਿੰਨੀ ਕਹਾਣੀ ਵਿਕਾਸ ਮੰਚ, ਮੋਗਾ’ ਦੇ ਜ਼ਰੀਏ ਵੀ ਇਸ ਵਿਧਾ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਵਿਵੇਕ ਦੀਆਂ ਮਿੰਨੀ ਕਹਾਣੀਆਂ ਨੂੰ ਕਈ ਇਨਾਮ ਮਿਲ ਚੁੱਕੇ ਹਨ ਤੇ ਹਿੰਦੀ ਸਮੇਤ ਸ਼ਾਹਮੁਖੀ, ਮਰਾਠੀ ਆਦਿ ਭਾਸ਼ਾਵਾਂ ਵਿਚ ਅਨੁਵਾਦ ਵੀ ਹੋਈਆਂ ਹਨ। ਆਓ ਦੇਖੀਏ ਇਨ੍ਹਾਂ ਦੀਆਂ ਮਿੰਨੀ ਕਹਾਣੀਆਂ ਦੇ ਰੰਗਾਂ ਨੂੰ:-


 ਸਾਂਝ


“ਨਾ ਮੰਮੀ, ਨਾ ਮਾਰੀਂ!” ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਹਾ।


“ਨਹੀਂ ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ?” ਕਹਿੰਦਿਆਂ  ਊਸ਼ਾ ਦੇਵੀ ਨੇ ਸੋਟੀ ਮੁੰਡੇ ਦੇ ਗਿੱਟਿਆਂ ਉੱਤੇ ਦੇ ਮਾਰੀ।


ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸਦੇ ਪਤੀ ਪੰਡਿਤ ਕ੍ਰਿਸ਼ਣਕਾਂਤ ਨੇ ਆ ਉਹਦਾ ਹੱਥ ਫੜ੍ਹ ਲਿਆ। ਪਿਤਾ ਨੂੰ ਆਇਆ ਦੇਖ, ਬਚਾਅ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ।


“ਹੁਣ ਕਿੱਧਰ ਜਾਨੈਂ? ਤੈਨੂੰ ਕਿੰਨੀ ਵਾਰ ਕਿਹੈ, ਪਰ ਤੇਰੇ ’ਤੇ ਕੋਈ ਅਸਰ ਨਹੀਂ।” ਊਸ਼ਾ ਦੇਵੀ ਫਿਰ ਭੋਲੂ ਵੱਲ ਹੋਈ।


“ਕੀ ਗੱਲ ਹੋਗੀ? ਕਿਉਂ ਮੁੰਡੇ ਨੂੰ ਮਾਰੀ ਜਾਨੀਂ ਐਂ? ਸਹਿਮੇ ਮੁੰਡੇ ਦੀ ਪਿੱਠ ਉੱਤੇ ਹੱਥ ਰੱਖਦਿਆਂ ਕ੍ਰਿਸ਼ਣਕਾਂਤ ਨੇ ਆਪਣੀ ਘਰਵਾਲੀ ਨੂੰ ਪੁੱਛਿਆ।


“ਹੋਣਾ ਕੀ ਐ, ਜਦੋਂ ਵੇਖੋ ਮਜ਼੍ਹਬੀਆਂ ਦੇ ਮੁੰਡੇ ਨਾਲ ਖੇਡਦਾ ਰਹਿੰਦੈ। ਉਹਦੀ ਬਾਹ ’ਚ ਬਾਂਹ ਪਾ ਤੁਰਿਆ ਫਿਰਦੈ। ਕਦੇ ਉਹਦੇ ਘਰ ਆਪ ਜਾ ਵੜਦੈ, ਕਦੇ ਉਹਨੂੰ ਆਪਣੇ ਘਰ ਲੈ ਆਉਂਦੈ…ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲਗਦੀਆਂ…ਇਹਨੂੰ ਕਈ ਵਾਰ ਸਮਝਾਇਐ, ਪਰ ਸੁਣਦਾ ਈ ਨਹੀਂ। ਅਖੇ, ਉਹ ਮੇਰਾ ਬੇਲੀ ਐ…ਬੇਲੀ ਬਣਾਉਣੈ ਤਾਂ ਜਾਤ ਬਰਾਦਰੀ ਤਾਂ ਵੇਖ ਲੈ…।” ਊਸ਼ਾ ਦੇਵੀ ਨੇ ਮੁੰਡੇ ਨੂੰ ਘੂਰਦਿਆਂ ਕਿਹਾ।


“ਓਏ ਛੱਡ, ਇਹ ਕਿਹਡ਼ੀ ਗੱਲ ਹੋਈ। ਆਪਾਂ ਵੀ ਦਿਹਾੜੀ-ਦੱਪਾ ਕਰਕੇ ਖਾਣ ਵਾਲੇ ਆਂ ਤੇ ਉਹ ਵੀ ਮਿਹਨਤ-ਮਜ਼ਦੂਰੀ ਕਰਕੇ ਖਾਣ ਵਾਲੇ। ਦੱਸ ਫੇਰ ਫਰਕ ਕੀ ਹੋਇਆ? ਆਪਾਂ ਵੀ ਗਰੀਬ ਤੇ ਉਹ ਵੀ ਗਰੀਬ। ਸਾਡੀ ਤਾਂ ਸਾਂਝ ਐ। ਜਾਤ ਬਿਰਾਦਰੀ ਨੇ ਕਿਤੇ ਰੋਟੀ ਦੇਣੀ ਐ! ਮਿਹਨਤ-ਮਜ਼ਦੂਰੀ ਕਰਕੇ ਈ ਖਾਣੀ ਐ। ਐਵੇਂ ਨਾ ਮੁੰਡੇ ਨੂੰ ਮਾਰਿਆ ਕਰ, ਖੇਡਣ ਦੇ ਜੀਹਦੇ ਨਾਲ ਖੇਡਦੈ।”  ਇੰਨਾ ਕਹਿ ਉਹਨੇ ਊਸ਼ਾ ਦੇਵੀ ਦੇ ਹੱਥੋਂ ਸੋਟੀ ਫੜ੍ਹ ਪਰੇ ਸਿੱਟ ਦਿੱਤੀ।


=============


ਮੁਸੀਬਤ


“ਅੱਜ ਕੰਮ ਕਿਵੇਂ ਰਿਹਾ?” ਸ਼ਾਮੀਂ ਦੁਕਾਨ ਬੰਦ ਕਰ ਘਰ ਆਏ ਬਲਦੇਵ ਨੂੰ ਉਸ ਦੀ ਮਾਂ ਨੇ ਪੁੱਛਿਆ।


ਬਲਦੇਵ ਨੇ ਲਗਾਤਾਰ ਪੰਜ ਸਾਲ ਲਾ ਕੇ ਸਕੂਟਰ ਮੋਟਰ-ਸਾਇਕਲ ਦੀ ਰਿਪੇਰਿੰਗ ਦਾ ਕੰਮ ਸਿੱਖਿਆ ਸੀ। ਤੇ ਹੁਣ ਸ਼ਹਿਰੋਂ ਪਿੰਡ ਵੱਲ ਆਉਂਦੀ ਸੜਕ ਉੱਤੇ ਦੁਕਾਨ ਕਿਰਾਏ ਤੇ ਲੈ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਕੰਮ ਦਾ ਪਹਿਲਾ ਦਿਨ ਸੀ। ਏਸੇ ਲਈ ਮਾਂ ਨੇ ਚਾਅ ਨਾਲ ਕੰਮ ਬਾਰੇ ਪੁੱਛਿਆ ਸੀ।


“ਹਾਂ ਮਾਂ, ਕੰਮ ਤਾਂ ਠੀਕ ਚੱਲ ਪਵੇਗਾ। ਕੁੱਝ ਸ਼ਹਿਰ ਦੀ ਜਾਣ-ਪਛਾਣ ਹੈ। ਤੇ ਬਾਕੀ ਦੁਕਾਨ ਵੀ ਆਪਣੇ ਪਿੰਡ ਦੇ ਰਾਹ ਤੇ ਹੈ। ਪਿੰਡ ਦੇ ਗਾਹਕ ਵੀ ਆਪਣੇ ਕੋਲ ਹੀ ਆਉਣਗੇ।” ਬਲਦੇਵ ਦੀ ਆਵਾਜ਼ ਵਿੱਚ ਨਵੇਂ ਕੰਮ ਦਾ ਜੋਸ਼ ਸੀ ਅਤੇ ਅੱਖਾਂ ਵਿੱਚ ਚੰਗੇ ਭਵਿੱਖ ਦੀ ਆਸ।


“ਚੱਲ ਪੁੱਤ, ਤੇਰਾ ਕੰਮ ਚੱਲ ਪਵੇ ਤਾਂ ਹੀ ਘਰ ਦੀ ਹਾਲਤ ਸੁਧਰੇਗੀ। ਦੋ ਭੈਣਾ ਦੇ ਵਿਆਹ ਹੁਣ ਤੇਰੇ ਹੀ ਆਸਰੇ ਹੋਣਗੇ। ਤੇਰੇ ਪਿਓ ਦੀ ਕਮਾਈ ਨਾਲ ਮਸਾਂ ਘਰ ਦਾ ਗੁਜ਼ਾਰਾ ਚੱਲਦੈ। ਬਾਕੀ ਤੈਨੂੰ ਪਤਾ ਹੀ ਹੈ, ਜਿਵੇਂ ਉਹ ਪੂਰੀ ਪਾਉਂਦੈ ਰਿਕਸ਼ਾ ਵਾਹ ਕੇ…ਤੁਸੀਂ ਦੋਵੇਂ ਰਲ ਮਿਲ ਘਰ ਦੀ ਜੁੰਮੇਵਾਰੀ ਚੁੱਕੋ, ” ਮਾਂ ਨੇ ਬਲਦੇਵ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ।


ਉਸੇ ਵੇਲੇ ਕਮਰੇ ਵਿੱਚ ਕਰਤਾਰ ਸਿੰਘ ਦਾਖਲ ਹੋਇਆ। ਉਸ ਦੇ ਪੈਰ ਲੜਖੜਾ ਰਹੇ ਸਨ। ਕਮਰੇ ਵਿੱਚ ਸ਼ਰਾਬ ਦੀ ਹਵਾੜ ਜਿਹੀ ਘੁਲ ਗਈ। ਕਰਤਾਰਾ ਵੀ ਕੋਲ ਆ ਮੰਜੀ ਉੱਤੇ ਬਹਿ ਗਿਆ, “ਹੋਰ ਸੁਣਾ ਕਾਕਾ, ਕੰਮ ਠੀਕ ਹੈ?”


“ਹਾਂ ਬਾਪੂ, ਕੰਮ ਚੰਗਾ ਹੀ ਲੱਗਦਾ।” ਬਲਦੇਵ ਨੇ ਬਿਨਾ ਆਪਣੇ ਪਿਓ ਵੱਲ ਵੇਖਿਆਂ ਕਿਹਾ।


“ਫਿਰ ਤਾਂ ਠੀਕ ਹੈ। ਕੰਮ ਚੱਲਣਾ ਚਾਹੀਦੈ। ਮੈਂ ਤਾਂ ਇਹੋ ਚਾਹੁੰਦਾ ਹਾਂ ਬਈ ਤੇਰਾ ਕੰਮ ਚੱਲ ਪਵੇ। ਮੈਂ ਤਾਂ ਥੱਕ ਗਿਐਂ, ਮਿਹਨਤ ਮਜ਼ਦੂਰੀ ਕਰਦਿਆਂ ਕਰਦਿਆਂ। ਹੁਣ ਤੂੰ ਕੰਮ ਕਰ, ਮੈਂ ਤਾਂ ਵਿਹਲਾ ਬਹਿ ਕੇ ਖਾਵਾਂਗਾ। ਮੇਰੇ ਤੋਂ ਹੁਣ ਨਹੀਂ ਹੁੰਦਾ ਕੰਮ,” ਸਰੂਰ ਵਿੱਚ ਅੱਖਾਂ ਮੀਟਦਿਆਂ  ਕਰਤਾਰਾ ਬੋਲਿਆ।


“ਇਹ ਕੀ ਗੱਲ ਹੋਈ। ਮੁੰਡਾ ਕੰਮ ਕਰਦੈ, ਤੂੰ ਵੀ ਕੰਮ ਕਰ। ਮਿਲ ਕੇ ਘਰ ਨੂੰ ਤੋਰੋ।” ਬਲਦੇਵ ਦੀ ਮਾਂ ਬੋਲੀ।


“ਓਏ, ਤੂੰ ਐਵੇਂ ਨਾ ਬੁੜਬੁੜ ਕਰੀ ਜਾ। ਮੈਂ ਨਹੀਂ ਹੁਣ ਕੋਈ ਕੰਮ ਕਰਨਾ। ਮੈਂ ਤਾਂ ਵਿਹਲੇ ਬਹਿ ਕੇ ਖਾਣੈ।” ਕਰਤਾਰੇ ਦੀ ਆਵਾਜ਼ ਵਿੱਚ ਰੋਅਬ ਸੀ।


ਸਾਰਾ ਟੱਬਰ ਖੜਾ ਉਹਨੂੰ ਵੇਖਦਾ ਰਹਿ ਗਿਆ। ਤੇ ਕਰਤਾਰਾ ਉੱਥੇ ਹੀ ਲੋਰ ਵਿੱਚ ਗੰਢ ਜਿਹੀ ਬਣ ਕੇ ਪੈ ਗਿਆ।


=============


ਰੁਜ਼ਗਾਰ


         “ਅੱਜ ਸ਼ਰਮੇ ਦੇ ਘਰ ਤਾਂ ਬਹੁਤ ਲੜਾਈ ਹੋਈ। ਦੋਵੇਂ ਨੂੰਹਾਂ ਇਕ ਦੂਜੀ ਨੂੰ ਟੁੱਟ-ਟੁੱਟ ਕੇ ਪੈ ਰਹੀਆਂ ਸਨ। ਹੁਣ ਨਹੀਂ ਦੋਵੇਂ ਭਰਾ ਇੱਕਠੇ ਰਹਿੰਦੇ।” ਕੰਮ ਤੋਂ ਆ ਸ਼ੀਲੋ ਆਪਣੇ ਘਰਵਾਲੇ ਨੂੰ ਦੱਸ ਰਹੀ ਸੀ।


“ਫਿਰ ਕੀ ਏ…? ਇਹ ਗੱਲ ਤਾਂ ਤੂੰ ਅੱਗੇ ਵੀ ਕਈ ਵਾਰ ਸੁਣਾ ਚੁੱਕੀ ਏਂ।” ਸ਼ੀਲੋ ਦੇ ਘਰਵਾਲੇ ਨੇ ਮੰਜੀ ਉੱਤੇ ਬਹਿ ਬੰਡਲ ਵਿਚੋਂ ਇਕ ਬੀੜੀ ਕੱਢਦਿਆਂ ਕਿਹਾ ਤੇ ਬੀੜੀ ਨੂੰ ਸੁਲਗਾ ਇਕ ਜ਼ੋਰਦਾਰ ਸੂਟਾ ਅੰਦਰ ਨੂੰ ਖਿੱਚਿਆ।


“ਨਹੀਂ ਨਹੀਂ, ਹੁਣ ਉਹ ਗੱਲ ਨਹੀਂ ਰਹਿ ਗਈ। ਸ਼ਰਮੇ ਨੇ ਦੋਵਾਂ ਦੀ ਲੜਾਈ ਤੋਂ ਤੰਗ ਆ ਕੇ ਅੱਜ ਆਖਰ ਕਹਿ ਹੀ ਦਿੱਤਾ ਵਹੁਟੀਆਂ ਨੂੰ, ਬਈ ਤੁਹਾਡੀ ਨਹੀਂ ਨਿਭ ਸਕਦੀ ਤਾਂ ਆਪਣਾ ਅਲੱਗ-ਅਲੱਗ ਹੋ ਜਾਵੋ। ਮੈਂ ਤਾਂ ਕਹਿੰਨੀ ਆਂ, ਜਲਦੀ ਜਲਦੀ ਦੋਵੇਂ ਮੁੰਡੇ ਅੱਡ ਹੋ ਜਾਣ।” ਸ਼ੀਲੋ ਦੇ ਚਿਹਰੇ ਉੱਤੇ ਖੁਸ਼ੀ ਨੱਚ ਰਹੀ ਸੀ।
“ਅਗਲੇ ਦਾ ਘਰ ਦੋਫਾੜ ਹੋ ਜਾਣੈ, ਤੂੰ ਖੁਸ਼ੀ ਮਣਾਈ ਜਾਵੇਂ, ਇਹ ਗੱਲ ਠੀਕ ਨਹੀਂ।” ਸ਼ੀਲੋ ਦੇ ਘਰ ਵਾਲੇ ਨੇ ਬੀੜੀ ਦਾ ਧੂਆਂ ਹਵਾ ਵਿਚ ਛੱਡਿਆ।


“ਖੁਸ਼ੀ ਦੀ ਗੱਲ ਕਿਉਂ ਨਹੀਂ…! ਜੇ ਉਨ੍ਹਾਂ ਦੇ ਇਕ ਤੋਂ ਦੋ ਘਰ ਹੋ ਜਾਣਗੇ ਤਾਂ ਕੰਮ ਤਾਂ ਮੈਂ ਹੀ ਕਰਾਂਗੀ ਦੋਵਾਂ ਘਰਾਂ ’ਚ। ਆਪਣੀ ਆਮਦਨ ਨਾ ਵਧੇਗੀ?” ਸ਼ਲਿੋ ਜ਼ੋਰ ਨਾਲ ਬੋਲੀ ਤੇ ਨਾਲ ਹੀ ਬਾਲਟੀ ਚੁੱਕ ਸਰਕਾਰੀ ਟੂਟੀ ਤੋਂ ਪਾਣੀ ਲੈਣ ਲਈ ਕਮਰੇ ਵਿਚੋਂ ਬਾਹਰ ਨਿਕਲ ਗਈ।


=============


ਗਰਮ ਹਵਾ


     “ਮੈਂ ਇੱਟਾਂ ਤੇ ਰੇਤ ਦਾ ਆਰਡਰ ਦੇ ਆਇਐਂ, ਉੱਪਰ ਛੱਤ ਤੇ ਆਪਾਂ ਸਾਰੇ ਪਾਸਿਓਂ ਕੰਧਾਂ ਉੱਚੀਆਂ ਕਰ ਦੇਣੀਐਂ।” ਘਰ ਵੜਦੇ ਹੀ ਕ੍ਰਿਸ਼ਨ ਲਾਲ ਨੇ ਆਪਣੀ ਘਰਵਾਲੀ ਤ੍ਰਿਪਤਾ ਨੂੰ ਸਾਰੀ ਗੱਲ ਦਸਦਿਆਂ ਪਾਣੀ ਦਾ ਗਿਲਾਸ ਲਿਆਉਣ ਲਈ ਕਿਹਾ। ਨਾਲ ਹੀ ਉਹ ਹੋਰ ਸਮਾਨ, ਜੋ ਮਿਸਤਰੀ ਨੇ ਕਿਹਾ ਸੀ, ਬਾਰੇ ਸੋਚਣ ਲੱਗਾ।


“ਤੁਸੀਂ ਹੁਣ ਆਹ ਕੰਧਾਂ ਉੱਚੀਆਂ ਕਰਨ ਵਾਲੀ ਗੱਲ ਕਿੱਧਰੋਂ ਕੱਢ ਲਈ? ਪਹਿਲਾਂ ਤਾਂ ਕਹਿੰਦੇ ਸੀ ਕੰਧਾਂ ਨੀਵੀਆਂ ਈ ਠੀਕ ਨੇ, ਚੁਫੇਰੇ ਘਰਾਂ ਦੇ ਦਿੱਸਦੇ ਬਨੇਰੇ, ਖੁੱਲ੍ਹਾ ਅਸਮਾਨ, ਦੂਰ ਤਕ ਜਾਂਦੀ ਨਜ਼ਰ! ਨਾਲੇ ਵਧੀਆ ਠੰਡੀ ਹਵਾ ਵੀ ਆਉਂਦੀ ਐ। ਹੁਣ ਕੀ ਹੋ ਗਿਐ?” ਪਾਣੀ ਦਾ ਗਿਲਾਸ ਆਪਣੇ ਘਰਵਾਲੇ ਅੱਗੇ ਕਰਦਿਆਂ ਤ੍ਰਿਪਤਾ ਨੇ ਮੱਥੇ ਉੱਤੇ ਤਿਉੜੀ ਜਿਹੀ ਪਾ ਕੇ ਗੱਲ ਕੀਤੀ। ਮਿਸਤਰੀਆਂ ਦੇ ਕੰਮ ਦੀ ਖੇਚਲ ਅਤੇ ਪੈਸੇ ਦੀ ਤੰਗੀ ਉਸਨੂੰ ਪਰੇਸ਼ਾਨ ਕਰ ਰਹੀ ਸੀ।
“ਤੂੰ ਨਾ ਜ਼ਰਾ ਆਸਾ-ਪਾਸਾ ਵੀ ਵੇਖ ਲਿਆ ਕਰ। ਇੱਕੋ ਗੱਲ ਨਾ ਫੜ ਲਿਆ ਕਰ। ਤੈਨੂੰ ਦਿੱਸਦਾ ਨਹੀਂ ਅੱਜਕੱਲ੍ਹ ਕੀ ਕੁਝ ਹੋ ਰਿਹੈ। ਘਰ ਜਵਾਨ ਕੁੜੀ ਏ, ਹਰ ਰੋਜ਼ ਅਖਬਾਰਾਂ ’ਚ ਆਉਂਦੈ ਕਿ ਕੁੜੀਆਂ ਨਾਲ ਜਬਰ-ਜੁਲਮ, ਧੱਕੇਸ਼ਾਹੀ। ਇਹ ਤਾਂ ਘਰਾਂ ’ਚ ਵੀ ਸੁਰੱਖਿਅਤ ਨਹੀਂ। ਕੀ ਲੈਣਾ ਨੀਵੀਆਂ ਕੰਧਾਂ ਤੋਂ, ਹੁਣ ਤਾਂ ਚੁਫੇਰੇ ਤੋਂ ਗਰਮ ਹਵਾ ਆਉਂਦੀ ਪਈ ਏ।” ਕ੍ਰਿਸ਼ਨ ਲਾਲ ਦੇ ਚਿਹਰੇ  ਉੱਤੇ ਚਿੰਤਾਂ ਦੀਆਂ ਲਕੀਰਾਂ ਉੱਭਰ ਆਈਆਂ , “ਜਿਸ ਘਰ ਕੁੜੀਆਂ ਹੋਣ, ਉਸ ਘਰ ਦੀਆਂ ਕੰਧਾਂ ਉੱਚੀਆਂ ਈ ਚੰਗੀਆਂ।”


ਪਾਣੀ ਦਾ ਖਾਲੀ ਗਿਲਾਸ ਮੇਜ਼ ਤੇ ਰੱਖ ਕ੍ਰਿਸ਼ਨ ਲਾਲ ਨੇ ਘੜੀ ਵੇਖੀ।


“ਮੈਨੂੰ ਮਿਸਤਰੀ ਨੇ ਇਹੀ ਟੈਮ ਦਿੱਤਾ ਸੀ ਮਿਲਣ ਦਾ। ਮੈਂ ਉਸ ਨਾਲ ਸਾਰੀ ਗੱਲ ਪੱਕੀ ਕਰ ਆਵਾਂ। ਫਿਰ ਕੰਮ ਸ਼ੁਰੂ ਕਰਵਾਈਏ।” ਏਨਾ ਕਹਿ ਕ੍ਰਿਸ਼ਨ ਲਾਲ ਫਿਰ ਘਰੋਂ ਬਾਹਰ ਚਲਾ ਗਿਆ।


=============


ਰੌਣਕ


 “ਆਹ ਆਪਣੀ ਦਵਾਈ ਲੈ ਲਓ," ਅੱਖਾਂ ਮੀਚੀ ਪਲੰਘ ਤੇ ਪਏ ਮਾਧੋ ਦਾਸ ਨੂੰ ਉਸ ਦੀ ਪਤਨੀ ਗਿਆਨ ਦੇਵੀ ਨੇ ਮੋਢੇ ਤੋਂ ਹਿਲਾਉਂਦੇ ਹੋਏ ਕਿਹਾ।


“ਹਾਂ, ਕੀ ਏ, ਸੌਣ ਦੇ ਚੈਨ ਨਾਲ, ਮਸਾਂ ਅੱਖ ਲੱਗੀ ਸੀ।" ਮਾਧੋ ਦਾਸ ਨੇ ਪਾਸਾ ਲੈਂਦਿਆਂ ਸਿਰਹਾਣੇ ਤੋਂ ਸਿਰ ਉਤਾਂਹ ਚੁੱਕਦਿਆਂ ਆਪਣੀ ਘਰਵਾਲੀ ਨੂੰ ਥੋੜ੍ਹਾ ਉੱਚੇ ਜਿਹੇ ਸੁਰ `ਚ ਕਿਹਾ।


“ਫਿਰ ਸੌ ਜਾਈਓ, ਏਥੇ ਕਿਹੜਾ ਕਿਸੇ ਹੋਰ ਨੇ ਪੁੱਛਣਾ, ਆਪ ਹੀ ਕਰਨਾ ਪੈਣਾ ਸਭ। ਆਹ ਹੁਣ ਵੇਲੇ ਦੀ ਦੁਆਈ ਤਾਂ ਲੈ ਲਓ।" ਮੇਜ ਤੇ ਪਏ ਦੁਆਈਆਂ ਦੇ ਪੱਤਿਆਂ `ਚੋਂ ਦੁਪਹਿਰ ਵਾਲੀ ਦੁਆਈ ਫਰੋਲਦਿਆਂ ਬਿਨਾਂ ਆਪਣੇ ਘਰਵਾਲੇ ਵੱਲ ਵੇਖ ਉਹ ਦੁਆਈਆਂ ਕੱਢਣ ਹੀ ਲੱਗੀ ਸੀ ਕਿ ਮਾਧੋ ਦਾਸ ਪਲੰਘ `ਤੇ ਇਕਦਮ ਸਿੱਧਾ ਹੋ ਕੇ ਬਹਿ ਗਿਆ ਤੇ ਘਰਵਾਲੀ ਨੂੰ ਕਿਹਾ, “ਗਿਆਨੋ ਰਹਿਣ ਦੇ ਦੁਆਈ, ਮੈਂ ਨਹੀਓਂ ਹੁਣ ਖਾਣੀ, ਮੈਂ ਠੀਕ ਹਾਂ।"


“ਕਿਉਂ ਇਕ ਦਿਨ `ਚ ਹੀ ਕਿੱਦਾਂ ਠੀਕ ਹੋਗੇ, ਡਾਕਟਰ ਨੇ ਪੰਦਰਾਂ ਦਿਨਾਂ ਦਾ ਕੋਰਸ ਕਰਨ ਨੂੰ ਕਿਹਾ ਹੈ।"


“ਨਹੀਂ, ਨਹੀਂ, ਮੈਂ ਤੈਨੂੰ ਕਿਹਾ ਮੈਂ ਨਹੀਂ ਖਾਣੀ ਦੁਆਈ, ਮੈਂ ਹੁਣ ਠੀਕ ਹਾਂ।" ਇਸ ਵਾਰ ਮਾਧੋ ਦਾਸ ਦੀ ਆਵਾਜ਼ `ਚ ਖਣਕ ਵੀ ਸੀ ਜਿਸ ਵੱਲ ਗਿਆਨ ਦੇਈ ਦਾ ਧਿਆਨ ਗਿਆ।


“ਲੈ, ਅੱਜ ਤੁਹਾਨੂੰ ਕੀ ਹੋ ਗਿਆ, ਪਹਿਲਾਂ ਆਵਾਜ਼ ਵੀ ਘੁੱਟਦੀ ਸੀ। ਨੀਂਦ ਵੀ ਚੱਜ ਨਾਲ ਨਹੀਂ ਆਉਂਦੀ ਸੀ, ਹੁਣ ਘੂਕ ਸੁੱਤੇ ਪਏ ਸੀ। ਦੋ ਆਵਾਜ਼ਾਂ ਮਾਰੀਆਂ ਤੁਹਾਨੂੰ ਜਗਾਉਣ ਲਈ।"


“ਗਿਆਨੋ ਤੈਨੂੰ ਪਤਾ ਏ!," ਮਾਧੋ ਦਾਸ ਦੀ ਪਿੱਠ ਪਲੰਘ ਨਾਲ ਲੱਗੀ ਹੋਈ ਸੀ। ਉਸ ਨੇ ਗਰਦਨ ਵੀ ਪੂਰੀ ਤਰ੍ਹਾਂ ਸਿੱਧੀ ਕਰ ਲਈ। “ਆਪਣਾ ਦੀਪਕ ਅੱਜ ਘਰ ਆਇਆ ਸੀ। ਜਦੋਂ ਤੂੰ ਬਜ਼ਾਰ ਸੌਦਾ ਲੈਣ ਗਈ ਸੀ। ਉਹਨੇ ਮੇਰਾ ਹਾਲ ਚਾਲ ਪੁੱਛਿਆ, ਦਵਾ ਦਾਰੂ ਵੇਖੀ। ਬੈਠਾ ਰਿਹਾ ਦਸ ਪੰਦਰਾਂ ਮਿੰਟ, ਬੱਸ ਉਹਦੇ ਇੰਜ ਹਾਲ ਪੁੱਛਣ ਨਾਲ ਹੀ ਮੈਂ ਅੰਦਰੋਂ ਠੀਕ ਹੋ ਗਿਆ। ਮੈਨੂੰ ਹੁਣ ਦੁਆਈ ਦੀ ਨੀ ਲੋੜ, ਮੈਂ ਠੀਕ ਹਾਂ।" ਮਾਧੋ ਦਾਸ ਦੀ ਆਵਾਜ਼ `ਚੋਂ ਖੁਸ਼ੀ ਝਲਕ ਰਹੀ ਸੀ, ਤੇ ਬਿਮਾਰੀ ਨਾਲ ਮੁਰਝਾਏ ਚਿਹਰੇ ਤੇ ਹੁਣ ਰੌਣਕ ਸੀ। 

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renowned Signature of Mini Kahani Vivek