ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਣਤੰਤਰ ਦਿਵਸ : ਕੈਪਟਨ ਨੇ ਸੰਵਿਧਾਨ ਦੀ ਧਰਮ ਨਿਰਪੱਖ ਨੀਹਾਂ ਦੀ ਰਾਖੀ ਕਰਨ ਦਾ ਲਿਆ ਅਹਿਦ

ਭਾਰਤ ਦੇ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਹਾਂ ਅਕਾਲ ਪੁਰਖ ਦੀ ਮਿਹਰ ਸਦਕਾ ਸਦਾ ਲਈ ਮਜ਼ਬੂਤ ਰਹਿਣਗੀਆਂ ਅਤੇ ਬਿਨਾਂ ਕਿਸੇ ਧਰਮ, ਜਾਤ-ਪਾਤ ਜਾਂ ਫਿਰਕੇ ਦੇ ਵਖਰੇਵੇਂ ਦੇ ਸਭਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ 71ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਸਲਾਮੀ  ਲੈਂਣ ਤੋਂ ਬਾਅਦ ਆਪਣੇ ਸੰਬੋਧਨ 'ਚ ਪ੍ਰਗਟ ਕੀਤੇ।
 

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਾਵੇਂ ਮੌਜੂਦਾ ਸਮੇਂ ਦੌਰਾਨ ਕੁਝ ਵਿਰੋਧੀ ਸੁਰਾਂ ਉੱਠ ਰਹੀਆਂ ਹਨ ਪਰ ਫਿਰ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਸੱਟ ਨਹੀਂ ਮਾਰ ਸਕਦਾ। ਪੰਜਾਬ ਵਿਧਾਨ ਸਭਾ ਦੁਆਰਾ ਨਾਗਰਿਕਤਾ ਸੋਧ ਐਕਟ ਸਬੰਧੀ ਪਾਸ ਕੀਤੇ ਮਤੇ ਵੱਲ ਧਿਆਨ ਦਿਵਾਉਂਦਿਆਂ ਮੁੱਖ ਮੰਤਰੀ ਨੇ ਇਹ ਸਾਫ਼ ਕੀਤਾ ਕਿ ਸੂਬੇ ਦੀ ਸਰਕਾਰ ਕਿਸੇ ਨੂੰ ਵੀ ਕਿਸੇ ਵੀ ਕੀਮਤੇ ਉੱਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।

 


 

ਪੰਜਾਬ ਦੇ ਲੋਕਾਂ ਨੂੰ 71ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਜੀ ਨੇ ਧਰਮ ਨਿਰਪੱਖਤਾ ਦਾ ਸੁਨੇਹਾ ਦਿੱਤਾ ਸੀ ਅਤੇ ਆਪ ਜੀ ਦੀ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਸਭ ਰਬ ਕੇ ਬੰਦੇ’ ਦੀ ਵਿਚਾਰਧਾਰਾ ਸਾਡੇ ਮਨਾਂ ਵਿੱਚ ਵਸੀ ਹੋਈ ਹੈ।

 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਤੋਂ ਸਲਾਮੀ ਵੀ ਲਈ। ਇਸ ਤੋਂ ਬਾਅਦ ਸਕੂਲੀ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਰੇ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਸੂਬੇ ਦੇ ਲੋਕਾਂ ਨੇ ਸਪੈਸ਼ਲ ਓਪਰੇਸ਼ਨਜ਼ ਗਰੁੱਪ (ਐਸ.ਓ.ਜੀ.) ਦੀ ਝਾਕੀ ਵੇਖੀ। ਐਸ.ਓ.ਜੀ. ਦਾ ਗਠਨ ਮੁੱਖ ਮੰਤਰੀ ਦੁਆਰਾ ਕੀਤਾ ਗਿਆ ਹੈ ਅਤੇ ਇਹ ਇੱਕ ਵਿਸ਼ੇਸ਼ ਸਿਖਲਾਈ ਵਾਲੀ ਅਜਿਹੀ ਫੋਰਸ ਹੈ ਜੋ ਕਿ ਦਹਿਸ਼ਤਵਾਦ, ਘੁਸਪੈਠ, ਹਾਈਜੈਕਿੰਗ ਅਤੇ ਹੋਰ ਖ਼ਤਰੇ ਭਰੇ ਹਾਲਾਤ ਨਾਲ ਨਿਪਟਣ ਲਈ ਤਿਆਰ ਕੀਤੀ ਗਈ ਹੈ।
 

 

ਮੁੱਖ ਮੰਤਰੀ ਨੇ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਪੰਜਾਬ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਵਰਗੇ ਇਤਿਹਾਸਕ ਮੌਕੇ ਦਾ ਗਵਾਹ ਬਣਕੇ ਬੜਾ ਸ਼ਾਨਾਮੱਤਾ ਮਹਿਸੂਸ ਕਰ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁਣ ਸੁਖਾਲੇ ਹੋ ਗਏ ਹਨ ਅਤੇ ਇਹ ਉਹ ਪਵਿੱਤਰ ਗੁਰਦੁਆਰਾ ਹੈ ਜਿਸ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। 
 

ਸੂਬੇ ਨੂੰ ਇਸ ਗੱਲ ਦਾ ਵੀ ਮਾਣ ਹਾਸਲ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 399ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਜੈਨ ਧਰਮ ਦੇ ਸ਼ਵੇਤਾਂਬਰ ਤੇਰਾਪੰਥ ਮੱਤ ਦੇ ਦਸਵੇਂ ਮੁਖੀ ਆਚਾਰਿਆ ਸ੍ਰੀ ਮਹਾਂ ਪ੍ਰਗਿਆ ਜੀ ਦਾ 100ਵਾਂ ਜਨਮ ਉਤਸਵ, ਭਗਤ ਨਾਮਦੇਵ ਜੀ ਦਾ 750ਵਾਂ ਜਨਮ ਉਤਸਵ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 350ਵਾਂ ਜਨਮ ਉਤਸਵ ਵੀ ਮਨਾਇਆ ਜਾ ਰਿਹਾ ਹੈ।

 

 

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਯਤਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਬੀਤੇ ਦੋ ਵਰਿਆਂ ਤੋਂ ਜ਼ਿਆਦਾ ਦੇ ਸਮੇਂ ਦੌਰਾਨ ਸੂਬਾ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ 57,735 ਕਰੋੜ ਰੁਪਏ ਦਾ ਨਿਵੇਸ਼ ਅਸਲ ਰੂਪ ਵਿੱਚ ਹਾਸਲ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਬੇਰੁਜ਼ਗਾਰੀ ਦਾ ਟਾਕਰਾ ਕਰਨ ਲਈ ਉਦਯੋਗਾਂ ਨੂੰ ਸੂਬੇ ਵਿੱਚ ਲਿਆਉਣ ਦੇ ਯਤਨ ਜਾਰੀ ਰਹਿਣਗੇ।
 

ਉਨ੍ਹਾਂ ਜਾਣਕਾਰੀ ਦਿੱਤੀ ਕਿ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਸਕੀਮ ਅਧੀਨ ਉਨਾਂ ਦੀ ਸਰਕਾਰ ਦੁਆਰਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ 11 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ।

 

ਸਿੱਖਿਆ ਨੂੰ ਗੁਣਾਤਮਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 19 ਨਵੀਆਂ ਆਈ.ਆਈ.ਟੀਜ਼ ਸਥਾਪਤ ਕੀਤੀਆਂ ਜਾਣਗੀਆਂ ਅਤੇ ਮੋਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ।
 

ਉਨ੍ਹਾਂ ਕਿਹਾ ਕਿ ਬੀਤੀ ਸਰਕਾਰ ਦੇ ਮੁਕਾਬਲੇ ਸਾਡੀ ਸਰਕਾਰ ਦੇ ਪਿਛਲੇ ਛੇ ਸੀਜ਼ਨਾਂ ਦੌਰਾਨ ਕਿਸਾਨਾਂ ਨੂੰ 44 ਹਜ਼ਾਰ ਕਰੋੜ ਰੁਪਏ ਦੀ ਹੋਰ ਆਮਦਨ ਹੋਈ ਹੈ ਅਤੇ ਇਹ ਸਭ ਸਾਫ਼-ਸੁਥਰੀ ਖ਼ਰੀਦ ਪ੍ਰਣਾਲੀ, ਕਿਸਾਨਾਂ ਦੇ ਸ਼ੋਸ਼ਣ ਨੂੰ ਨੱਥ ਪਾਉਣ ਅਤੇ ਟਰਾਂਸਪੋਰਟ ਤੇ ਕਿਰਤ ਖੇਤਰਾਂ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਏ ਜਾਣ ਕਾਰਨ ਹੀ ਸੰਭਵ ਹੋ ਸਕਿਆ ਹੈ।
 

ਨਸ਼ਿਆਂ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦੇ ਮੁਕੰਮਲ ਖਾਤਮੇ ਲਈ ਵਚਨਬਧ ਹੈ। ਇਸ ਮਕਸਦ ਹਿੱਤ ਗਠਿਤ ਕੀਤੀ ਗਈ ਐਸ.ਟੀ.ਐਫ. ਨੇ ਸ਼ਾਨਦਾਰ ਨਤੀਜੇ ਦਿੰਦਿਆਂ 34373 ਮਾਮਲੇ ਐਨ.ਡੀ.ਪੀ.ਐਸ. ਐਕਤ ਤਹਿਤ ਦਰਜ ਕੀਤੇ ਹਨ ਅਤੇ 42571 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ 974 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Republic Day Punjab Chief Minister Captain Amarinder Singh vowed to protect irrespective of caste creed or religion