ਅਗਲੀ ਕਹਾਣੀ

ਭਾਈ ਰਾਮ ਸਿੰਘ ਦੀ ਯਾਦ ਦਿਵਾਏਗਾ ਅੰਮ੍ਰਿਤਸਰ ਦੇ ਪੁਰਾਣੇ ਡੀਸੀ ਦਫ਼ਤਰ ਦਾ ਨਵਾਂ ਰੂਪ

ਭਾਈ ਰਾਮ ਸਿੰਘ ਦੀ ਯਾਦ ਦਿਵਾਏਗਾ ਅੰਮ੍ਰਿਤਸਰ ਦੇ ਪੁਰਾਣੇ ਡੀਸੀ ਦਫ਼ਤਰ ਦਾ ਨਵਾਂ ਰੂਪ

--  ਵਿਰਾਸਤ ਨੂੰ ਵਧੀਆ ਤਰੀਕੇ ਸੰਭਾਲਣ ਦਾ ਸ਼ਾਨਦਾਰ ਜਤਨ

 

ਅੱਜ-ਕੱਲ੍ਹ ਜੇ ਅੰਮ੍ਰਿਤਸਰ ਦੇ ਅਦਾਲਤੀ ਕੰਪਲੈਕਸ `ਚ ਜਾਈਏ, ਤਾਂ ਅੰਗਰੇਜ਼ਾਂ ਵੇਲੇ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਪੁਰਾਣੀ ਸੜੀ ਹੋਈ ਇਮਾਰਤ ਨੂੰ ਇਸ ਵੇਲੇ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਹ ਸਭ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਰਾਸ਼ਟਰੀ ਇੰਸਟੀਚਿਊਟ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਸਾਂਝੇ ‘ਹ੍ਰਿਦੇ ਪ੍ਰੋਜੈਕਟ` ਅਧੀਨ ਹੋ ਰਿਹਾ ਹੈ। ਇਸ ਪੁਰਾਣੇ ਦਫ਼ਤਰ ਨੂੰ ਨਵਾਂ ਰੂਪ ਸਾਂਭ-ਸੰਭਾਲ ਨਾਲ ਸਬੰਧਤ ਮਾਹਿਰ ਆਰਕੀਟੈਕਟ ਗੁਰਮੀਤ ਰਾਏ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਹੈ।


ਬੋਹੜ ਦੇ ਰੁੱਖਾਂ ਵਿੱਚੋਂ ਦੀ ਝਾਕਦੀ ਢਾਲਵੀਆਂ ਛੱਤਾਂ ਵਾਲੀ ਇਸ ਬਸਤੀਵਾਦੀ ਗੁਲਾਬੀ ਤੇ ਚਿੱਟੀ ਇਮਾਰਤ ਨੂੰ ਇੱਟਾਂ ਤੇ ਚੂਨੇ ਨਾਲ ਪੁਰਾਣੀ ਸ਼ਕਲ ਦੇਣ ਦਾ ਜਤਨ ਤਾਂ ਕੀਤਾ ਹੀ ਜਾ ਰਿਹਾ ਹੈ ਤੇ ਨਾਲ ਹੀ ਹੁਣ ਇੱਥੇ ਇੱਕ ਲਾਇਬਰੇਰੀ, ਕੈਫ਼ੇਟੇਰੀਆ ਤੇ ਇੱਕ ਨਿੱਕਾ ਜਿਹਾ ਬਗ਼ੀਚਾ ਵੀ ਤਿਆਰ ਕੀਤਾ ਜਾ ਰਿਹਾ ਹੈ; ਤਾਂ ਜੋ ਇਸ ਥਾਂ ਨੂੰ ਸ਼ਹਿਰ ਦਾ ਸਾਹਿਤਕ ਤੇ ਸਭਿਆਚਾਰਕ ਧੁਰਾ ਬਣਾਇਆ ਜਾ ਸਕੇ।


ਇੱਥੋਂ ਦੀ ਲਾਇਬਰੇਰੀ ਦਾ ਨਾਂਅ ਹੋਵੇਗਾ ‘ਭਾਈ ਰਾਮ ਸਿੰਘ ਮਿਊਂਸਪਲ ਲਾਇਬਰੇਰੀ` ਹੋਵੇਗਾ। ਇਹ ਨਾਂਅ 19ਵੀਂ ਸਦੀ ਦੇ ਅੰਤ ਵੇਲੇ ਦੇ ਬੇਹੱਦ ਵਿਲੱਖਣ ਕਿਸਮ ਦੇ ਆਰਕੀਟੈਕਟ ਭਾਈ ਰਾਮ ਸਿੰਘ ਹੁਰਾਂ ਦੀ ਯਾਦ ਵਿੱਚ ਰੱਖਿਆ ਜਾ ਰਿਹਾ ਹੈ। ਇਹ ਭਾਈ ਰਾਮ ਸਿੰਘ ਹੀ ਸਨ, ਜਿਨ੍ਹਾਂ 1892 `ਚ ਖ਼ਾਲਸਾ ਕਾਲਜ ਦੀ ਇਮਾਰਤ ਦਾ ਡਿਜ਼ਾਇਨ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਲਾਹੌਰ `ਚ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਅਜਾਇਬਘਰ, ਐਚੀਸਨ ਕਾਲਜ, ਮਾਯੋ ਸਕੂਲ ਆਫ਼ ਆਰਟਸ, ਪੰਜਾਬ ਯੂਨੀਵਰਸਿਟੀ ਤੇ ਚੰਬਾ ਹਾਊਸ ਵਰਨਣਯੋਗ ਰਹੇ ਹਨ।


ਭਾਈ ਰਾਮ ਸਿੰਘ ਨੂੰ ਵਿਦੇਸ਼ ਵਿੱਚ ਅੱਜ ਵੀ ਉਨ੍ਹਾਂ ਵੱਲੋਂ ਮਾਯੋ ਸਕੂਲ ਦੇ ਬਾਨੀ ਅਤੇ ਮਹਾਨ ਕਵੀ ਰੁੱਡਯਾਰਡ ਕਿਪਲਿੰਗ ਦੇ ਪਿਤਾ ਜੌਨ ਲੁੱਕਵੁੱਡ ਕਿਪਲਿੰਗ ਨਾਲ ਕੀਤੇ ਮਹਾਨ ਕੰਮਾਂ ਕਾਰਨ ਚੇਤੇ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੀ ਮਹਾਰਾਣੀ ਵਿਕਟੋਰੀਆ ਦੀ ਰਿਹਾਇਸ਼ਗਾਹ ‘ਓਸਬੌਰਨ ਸਮਰ` `ਚ ਦਰਬਾਰ ਦਾ ਡਿਜ਼ਾਇਨ ਤਿਆਰ ਕੀਤਾ ਸੀ।


ਪੁਰਾਣੇ ਡੀਸੀ ਦਫ਼ਤਰ ਦੀ ਇਮਾਰਤ ਦੇ ਬਾਹਰੀ ਰੰਗ-ਰੂਪ ਦੀ ਬਾਹਰੀ ਕਾਇਆ-ਕਲਪ ਤਾਂ ਕਰ ਦਿੱਤੀ ਗਈ ਹੈ ਅਤੇ ਅੰਦਰੋਂ ਵੀ ਇਸ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ, ਜਿਸ ਦੇ ਆਉਂਦੇ ਬਹਾਰ ਦੇ ਮੌਸਮ ਭਾਵ ਫ਼ਰਵਰੀ-ਮਾਰਚ 2019 ਤੱਕ ਮੁਕੰਮਲ ਹੋਣ ਦਾ ਅਨੁਮਾਨ ਹੈ।


ਜੇ ਬੀਬਾ ਗੁਰਮੀਤ ਰਾਏ ਹੁਰਾਂ ਨੂੰ ਪੁੱਛੀਏ ਕਿ ਉਨ੍ਹਾਂ ਦੇ ਇਸ ਮੌਜੂਦਾ ਕੰਮ ਪਿਛਲੀ ਧਾਰਨਾ ਕੀ ਹੈ, ਤਾਂ ਉਹ ਜਵਾਬ ਦਿੰਦੇ ਹਨ,‘ਅੰਮ੍ਰਿਤਸਰ ਸ਼ਹਿਰ ਦੇ ਵਿਰਾਸਤੀ ਸਥਾਨਾਂ `ਤੇ ਕੰਮ ਕਰਨਾ ਮਹਿਜ਼ ਇੱਟਾਂ, ਸੀਮਿੰਟ ਤੇ ਰੇਤਾ-ਬਜਰੀ ਨਾਲ ਸਿੱਝਣਾ ਹੀ ਨਹੀਂ ਹੈ, ਸਗੋਂ ਇਹ ਮਨੁੱਖੀ ਆਤਮਾ ਨੂੰ ਝੰਜੋੜਨ ਵਾਲੀ ਗੱਲ ਹੈ। ਭਾਈ ਰਾਮ ਸਿੰਘ ਦੀ ਕਹਾਣੀ ਸੱਚਮੁਚ ਬਹੁਤ ਕਮਾਲ ਦੀ ਹੈ। ਬਟਾਲ਼ਾ ਦਾ ਜੰਮਪਲ਼ ਮੁੰਡਾ ਅੰਮ੍ਰਿਤਸਰ `ਚ ਆ ਕੇ ਤਰਖਾਣ ਦਾ ਕੰਮ ਸ਼ੁਰੂ ਕਰਦਾ ਹੈ ਤੇ ਫਿਰ ਆਪਣੀ ਪ੍ਰਤਿਭਾ ਤੇ ਹੁਨਰ ਨੂੰ ਹੋਰ ਸਿ਼ੰਗਾਰਨ ਤੇ ਨਿਖਾਰਨ ਲਈ ਲਾਹੌਰ ਦੇ ਮਾਯੋ ਕਾਲਜ `ਚ ਚਲਾ ਜਾਂਦਾ ਹੈ। ਜਦੋਂ ਉਹ ਉੱਥੇ ਵਿਦਿਆਰਥੀ ਵਜੋਂ ਵੀ ਕੋਈ ਡਿਜ਼ਾਇਨ ਤਿਆਰ ਕਰਦੇ ਸਨ, ਤਦ ਵੀ ਸਾਰੇ ਉਨ੍ਹਾਂ ਦੇ ਤਿਆਰ ਕੀਤੇ ਮਾਡਲ ਵੱਲ ਖਿੱਚੇ ਚਲੇ ਜਾਂਦੇ ਸਨ। ਉਨ੍ਹਾਂ ਦੇ ਡਿਜ਼ਾਇਨਾਂ ਦੀ ਧੂਮ ਤਦ ਇੰਗਲੈਂਡ ਤੱਕ ਵੀ ਪੈ ਗਈ ਸੀ, ਇਸੇ ਲਈ ਉਨ੍ਹਾਂ ਨੂੰ ਦਰਬਾਰ ਹਾਲ ਦਾ ਡਿਜ਼ਾਇਨ ਤਿਆਰ ਕਰਨ ਦਾ ਕੰਮ ਮਿਲਿਆ ਸੀ। ਉਨ੍ਹਾਂ ਇਸ ਵੱਕਾਰੀ ਮਾਯੋ ਆਰਟ ਕਾਲਜ ਦੇ ਪ੍ਰਿੰਸੀਪਲ ਵਜੋਂ ਵੀ ਕੰਮ ਕੀਤਾ ਸੀ।`


ਇਹ ਭਾਈ ਰਾਮ ਸਿੰਘ ਹੀ ਸਨ, ਜਿਨ੍ਹਾਂ ਨੇ ਕਲਾਕਾਰ ਤੇ ਕਾਰੀਗਰ ਵਿਚਲੇ ਫ਼ਰਕ ਨੂੰ ਖ਼ਤਮ ਕਰ ਕੇ ਵਿਖਾਇਆ ਸੀ। ਇਸ ਪੁਰਾਣੇ ਡੀਸੀ ਦਫ਼ਤਰ ਦੀ ਲਾਇਬਰੇਰੀ ਵਿੱਚ ਉਨ੍ਹਾਂ ਦੇ ਕੰਮਾਂ ਤੇ ਜੀਵਨ ਯਾਤਰਾ ਨੂੰ ਚਿੱਤਰਾਂ ਤੇ ਉਨ੍ਹਾਂ ਦੀ ਕਲਾ ਰਾਹੀਂ ਸਜੀਵ ਕੀਤਾ ਜਾਵੇਗਾ।


ਇਸ ਇਮਾਰਤ `ਚ ਬਣਨ ਵਾਲੇ ਕੈਫ਼ੇਟੇਰੀਆ ਦਾ ਨਾਂਅ ‘ਦਰਬਾਰ ਹਾਲ ਕੈਫ਼ੇ` ਹੋਵੇਗਾ ਤੇ ਇਸ ਦੁਆਲੇ ਦਾ ਬਾਗ਼ ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਜਿਹੇ ਪੰਜਾਬੀ ਸਾਹਿਤਕਾਰਾਂ ਨੂੰ ਸਮਰਪਿਤ ਹੋਵੇਗਾ। ਸਆਦਤ ਹਸਨ ਮੰਟੋ ਨੇ ਵੀ ਇੱਥੇ ਕਈ ਵਰ੍ਹੇ ਬਿਤਾਏ ਸਨ।


ਅੰਮ੍ਰਿਤਸਰ `ਚ ਹੁਣ ਅਪਰ-ਬਾਰੀ ਦੋਆਬ ਨਹਿਰ ਤੇ ਬਿਜਲੀ ਘਰ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਥਾਵਾਂ `ਤੇ ਵੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਤੇ ਇਹ ਸਾਰੇ ਸਥਾਨ ਸਭਿਆਚਾਰਕ ਧੁਰੇ ਹੋ ਨਿੱਬੜਨਗੇ।


‘ਹ੍ਰਿਦੇ ਪ੍ਰੋਜੈਕਟ` ਰਾਹੀਂ ਕੀਤੀ ਜਾ ਰਹੀਆਂ ਇਨ੍ਹਾਂ ਹਾਂ-ਪੱਖੀ ਤਬਦੀਲੀਆਂ ਦਾ ਅੰਮ੍ਰਿਤਸਰ ਦੇ ਲੇਖਕ ਤੇ ਕਲਾਕਾਰ ਸੁਆਗਤ ਕਰ ਰਹੇ ਹਨ। ਦਰਅਸਲ, ਅੰਮ੍ਰਿਤਸਰ ਸ਼ਹਿਰ ਨੂੰ ਇੱਕ ਵੱਡੇ ਵਪਾਰਕ ਕੇਂਦਰ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਇਸ ਦਾ ਸਭਿਆਚਾਰਕ ਮੁਹਾਂਦਰਾ ਵੀ ਉੱਘੜਨਾ ਸ਼ੁਰੂ ਹੋ ਜਾਵੇਗਾ।


ਪਿਛਲੇ ਵਰ੍ਹੇ ਮਾਝਾ ਹਾਊਸ ਕਲਚਰਲ ਸੈਂਟਰ ਸਥਾਪਤ ਕਰਨ ਵਾਲੇ ਪ੍ਰੀਤੀ ਗਿੱਲ ਦਾ ਕਹਿਣਾ ਹੈ,‘ਗੁਰਮੀਤ ਰਾਏ ਜਿਹੇ ਉੱਘੇ ਪੇਸ਼ੇਵਰਾਨਾ ਕਨਜ਼ਰਵੇਟਰ ਦਾ ਲਾਹਾ ਹੁਣ ਇਸ ਸ਼ਹਿਰ ਨੂੰ ਮਿਲ ਰਿਹਾ ਹੈ। ਇੱਥੋਂ ਦੇ ਜੀਵਨ ਦੇ ਵੱਖੋ-ਵੱਖਰੇ ਰੰਗਾਂ ਨੂੰ ਨਿਵੇਕਲਾ ਰੂਪ ਦੇਣ ਦੀ ਜ਼ਰੂਰਤ ਹੈ।`   

ਭਾਈ ਰਾਮ ਸਿੰਘ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Restoring the legend Bhai Ram Singh