ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਪੰਜਾਬ ਦੇ ਲੜਕੇ ਲੜਕੀਆਂ ਤੋਂ ਫਾਡੀ ਰਹੇ। ਬੋਰਡ ਵੱਲੋਂ ਲਈ ਗਈ ਪ੍ਰੀਖਿਆ ਵਿਚ ਰੈਗੁਲਰ ਤੌਰ ਉਤੇ 144880 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 131306 ਪਾਸ ਹੋਈਆਂ, ਜਿਸ ਦਾ ਨਤੀਜਾ 90.63 ਫੀਸਦੀ ਰਿਹਾ। ਜਦੋਂ ਕਿ 172507 ਲੜਕਿਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 140248 ਵਿਦਿਆਰਥੀ ਪਾਸ ਹੋਏ, ਜਿਸ ਦਾ ਨਤੀਜਾ 81.3 ਫੀਸਦੀ ਰਿਹਾ।
ਬੋਰਡ ਵੱਲੋਂ ਐਲਾਨੇ ਨਤੀਜੇ ਵਿਚ ਅਕਾਦਮਿਕ ਕੈਟਾਗਿਰੀ ਵਿਚ ਪਹਿਲਾਂ ਸਥਾਨ ਲੁਧਿਆਣਾ ਦੀ ਲੜਕੀ ਨੇ ਪ੍ਰਾਪਤ ਕੀਤਾ, ਜਦੋਂ ਕਿ ਦੂਜੇ ਸਥਾਨ ਉਤੇ ਤਿੰਨ ਵਿਦਿਆਰਥਣਾਂ ਮੋਹਰੀ ਰਹੀਆਂ। ਜਦੋਂ ਕਿ ਤੀਜੇ ਸਥਾਨ ਉਤੇ ਸਾਂਝੇ ਤੌਰ ’ਤੇ 7 ਵਿਦਿਆਰਥੀ ਰਹੇ, ਜਿਸ ਵਿਚੋਂ ਸਿਰਫ ਇਕ ਪ੍ਰਾਈਵੇਟ ਸਕੂਲ ਦਾ ਲੜਕਾ ਹੀ ਆਪਣੀ ਥਾਂ ਬਣਾ ਸਕਿਆ ਜਦੋਂ ਕਿ ਬਾਕੀ 6 ਲੜਕੀਆਂ ਤੀਜੇ ਸਥਾਨ ਉਤੇ ਰਹੀਆਂ।
ਖੇਡਾਂ ਕੈਟਾਗਿਰੀ ਵਿਚ ਪਹਿਲੇ ਸਥਾਨ ਉਤੇ 3 ਵਿਦਿਆਰਥੀ ਰਹੇ, ਜਿਸ ਵਿਚੋਂ ਲੁਧਿਆਣਾ ਦੇ ਪ੍ਰਾਈਵੇਟ ਸਕੂਲ ਦਾ ਇਕ ਲੜਕਾ ਪਹਿਲੇ ਸਥਾਨ ਉਤੇ ਆਇਆ, ਜਦੋਂ ਕਿ ਬਾਕੀ 2 ਉਤੇ ਲੜਕੀਆਂ ਨੇ ਆਪਣੀ ਥਾਂ ਬਣਾਈ। ਇਸੇ ਤਰ੍ਹਾਂ ਦੂਜੇ ਨੰਬਰ ਉਤੇ 1 ਅਤੇ ਤੀਜੇ ਨੰਬਰ ਉਤੇ 2 ਵਿਦਿਆਰਥਣਾਂ ਹੀ ਰਹੀਆਂ। ਇਸੇ ਤਰ੍ਹਾਂ ਹੀ ਪਹਿਲੀਆਂ ਥਾਵਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਦੇ ਵਿਕਿਦਆਰਥੀ ਹਨ, ਪਹਿਲੀਆਂ ਤਿੰਨ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ 17 ਵਿਦਿਆਰਥੀਆਂ ਵਿਚੋਂ ਸਿਰਫ 3 ਹੀ ਵਿਦਿਆਰਥੀ ਹੀ ਸਰਕਾਰੀ ਸਕੂਲਾਂ ਦੇ ਹਨ।