ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗ਼ਾਵਤ ਝੱਲ ਰਹੀ ‘ਆਪ’ ਦੇ ਭਗਵੰਤ ਮਾਨ ਦਾ ਐਤਕੀਂ ਲੱਗੇਗਾ ਵਾਧੂ ਜ਼ੋਰ

ਬਗ਼ਾਵਤ ਝੱਲ ਰਹੀ ‘ਆਪ’ ਦੇ ਭਗਵੰਤ ਮਾਨ ਦਾ ਐਤਕੀਂ ਲੱਗੇਗਾ ਵਾਧੂ ਜ਼ੋਰ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 14

 

 

ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਆਮ ਆਦਮੀ ਪਾਰਟੀ (ਆਪ) ਦੇ ਐੱਮਪੀ ਭਗਵੰਤ ਮਾਨ ਕਰਦੇ ਹਨ। ਇਹ ਹਲਕਾ ਖੱਬੇ–ਪੱਖੀ, ਦਲਿਤ ਅਧਿਕਾਰਾਂ ਤੇ ਕਿਸਾਨ ਲਹਿਰਾਂ ਦਾ ਰਿਹਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਹਲਕੇ ਵਿੱਚ ਇੱਕ ਵਾਰ ਜਿਹੜਾ ਐੱਮਪੀ ਬਣ ਗਿਆ, ਅਗਲੀ ਵਾਰ ਉਹ ਮੁੜ ਨਹੀਂ ਜਿੱਤ ਸਕਿਆ। ਪਿਛਲੇ ਪੰਜ ਦਹਾਕਿਆਂ ਦੌਰਾਨ ਸਿਰਫ਼ ਇੱਕੋ ਵਾਰ ਇੱਕੋ ਐੱਮਪੀ ਦੂਜੀ ਵਾਰ ਚੁਣਿਆ ਗਿਆ ਹੈ। ਇਹ ਮੁੱਖ ਤੌਰ ਉੱਤੇ ਦਿਹਾਤੀ ਸੀਟ ਹੈ ਤੇ ਇੱਥੇ ਜ਼ਿਆਦਾਤਰ ਅਕਾਲੀ ਉਮੀਦਵਾਰ ਜਿੱਤਦੇ ਰਹੇ ਹਨ ਪਰ ਸਾਲ 2009 ਤੇ 2014 ਦੀਆਂ ਚੋਣਾਂ ਦੌਰਾਨ ਵੋਟਰਾਂ ਨੇ ਇੱਥੇ ਅਕਾਲੀਆਂ ਨੂੰ ਪ੍ਰਵਾਨ ਨਹੀਂ ਕੀਤਾ। ਪਿਛਲੀਆਂ ਸਾਲ 2014 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਸ੍ਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 2 ਲੱਖ 11 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

45 ਸਾਲਾ ਭਗਵੰਤ ਮਾਨ ਅੰਡਰ–ਗ੍ਰੈਜੂਏਟ ਹਨ। ਉਹ ਸੰਸਦ ਦੀ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦੀ ਕਮੇਟੀ ਤੇ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਰਹੇ ਹਨ। ਉਹ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਾ ਗਾਗਾ ਹਲਕੇ ਤੋਂ ਕਾਂਗਰਸ ਦੇ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ; ਤਦ ਉਹ ਪੀਪਲ’ਜ਼ ਪਾਰਟੀ ਆਫ਼ ਪੰਜਾਬ ਦੇ ਮੈਂਬਰ ਸਨ। ਉਸ ਤੋਂ ਬਾਅਦ 2014 ’ਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

 

 

ਭਗਵੰਤ ਮਾਨ ਦੀ ‘ਸ਼ਰਾਬ ਪੀਣ ਦੀ ਆਦਤ’ ਵੀ ਡਾਢੀ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਇੱਕ ਵਾਰ ਉਹ ਸਟੇਜ ’ਤੇ ਹੀ ਇਸੇ ਕਰਕੇ ਡਿੱਗ ਪਏ ਸਨ ਤੇ ਉਹ ਵਿਡੀਓ ਬਹੁਤ ਵਾਇਰਲ ਹੋਈ ਸੀ। ਫਿਰ ਉਨ੍ਹਾਂ ਦੀ ਇਸ ਆਦਤ ਕਾਰਨ ਸੰਸਦ ਵਿੱਚ ਉਸ ਵੇਲੇ ਚਰਚਾ ਹੋਈ ਸੀ, ਜਦੋਂ ਕੁਝ ਅਕਾਲੀ ਐੱਮਪੀਜ਼ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਭਗਵੰਤ ਮਾਨ ਦੇ ਕੋਲ ਬੈਠਦੇ ਸਮੇਂ ‘ਦਾਰੂ ਦੀ ਬੋਅ’ ਆਉਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਇਸ ਆਦਤ ਉੱਤੇ ਇੱਕ ਵਾਰ ਆਪਣੀ ਟਿੱਪਣੀ ਕਰ ਚੁੱਕੇ ਹਨ। ਪਰ ਬੀਤੀ 20 ਜਨਵਰੀ ਦੀ ਬਰਨਾਲਾ ਰੈਲੀ ਵਿੱਚ ਸ੍ਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ 1 ਜਨਵਰੀ, 2019 ਭਾਵ ਨਵੇਂ ਵਰ੍ਹੇ ਤੋਂ ਸ਼ਰਾਬ ਸਦਾ ਲਈ ਛੱਡ ਚੁੱਕੇ ਹਨ।

 

 

ਸ੍ਰੀ ਭਗਵੰਤ ਮਾਨ ਨੇ ਸੰਸਦ ਵਿੱਚ ਬਹੁਤ ਵਾਰ ਰਾਸ਼ਟਰੀ ਤੇ ਸੂਬਾਈ ਮੁੱਦੇ ਚੁੱਕੇ ਹਨ। ਉਹ ਆਪਣੀਆਂ ਗੱਲਾਂ ਨਾਲ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਵਿੱਚ ਧਨੀ ਮੰਨੇ ਜਾਂਦੇ ਹਨ। ਉਹ ਬਹਿਸਾਂ ਦੌਰਾਨ ਪ੍ਰਸ਼ਨ ਵੀ ਪੁੱਛਦੇ ਰਹੇ ਹਨ। ਉਹ ਰਾਫ਼ੇਲ ਸੌਦੇ, ਕਿਰਸਾਨੀ ਦੇ ਮਸਲਿਆਂ, ਕਸ਼ਮੀਰ ਹਿੰਸਾ, ਫ਼ੂਡ ਕ੍ਰੈਡਿਟ ਅਕਾਊਂਟ ਵਿੱਚ ਘੁਟਾਲੇ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਵੀ ਅਕਸਰ ਬਹਿਸ ਕਰਦੇ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਸ੍ਰੀ ਮੋਦੀ ਉੱਤੇ ਇੱਕ ਕਵਿਤਾ ਸੰਸਦ ਵਿੱਚ ਪੜ੍ਹੀ ਸੀ, ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ।

 

 

ਆਮ ਆਦਮੀ ਪਾਰਟੀ ਵਿੱਚ ਫੁੱਟ ਦੇ ਬਾਵਜੂਦ ਇਸ ਵਾਰ ਸ੍ਰੀ ਭਗਵੰਤ ਮਾਨ ਆਪਣੀ ਤੇ ਆਪਣੀ ਪਾਰਟੀ ਦੀਆਂ ਜਿੱਤਾਂ ਦੇ ਦਾਅਵੇ ਕਰ ਰਹ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਸ ਹਲਕੇ ਦੇ ਪਿੰਡਾਂ ਦੇ ਵਾਸੀਆਂ ਨੇ ਜਿੰਨੇ ਨੇੜਿਓਂ ਉਹ ਜੁੜੇ ਰਹੇ ਹਨ, ਓਨਾ ਹੋਰ ਕੋਈ ਐੱਮਪੀ ਜਾਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਹੋ ਸਕਦਾ। ਪਰ ਅੰਦਰੂਨੀ ਫੁੱਟ ਤੇ ਬਗ਼ਾਵਤ ਕਾਰਨ ਐਤਕੀਂ ਜਿੱਤ ਲਈ ਸ੍ਰੀ ਮਾਨ ਦਾ ਜ਼ੋਰ ਤਾਂ ਕਾਫ਼ੀ ਜ਼ਿਆਦਾ ਲੱਗ ਸਕਦਾ ਹੈ।

 

 

ਭਗਵੰਤ ਮਾਨ ਸਿਰਫ਼ ਇੱਕ ਸਿਆਸੀ ਆਗੂ ਹੀ ਨਹੀਂ ਹਨ, ਉਹ ਗੱਲਾਂ–ਗੱਲਾਂ ਵਿੱਚ ਤਿੱਖਾ ਵਿਅੰਗ ਕਰਨ ਲਈ ਵਧੇਰੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਮੁਢਲੀ ਪਛਾਣ ਇੱਕ ਕਾਮੇਡੀਅਨ ਭਾਵ ਹਾਸਰਸ ਕਲਾਕਾਰ ਦੀ ਹੈ। ਉਹ ਸਿਆਸੀ ਆਗੂਆਂ ਉੱਤੇ ਹਾਸੇ ਵਾਲੀਆਂ ਟਿੱਪਣੀਆਂ ਕਰਦੇ–ਕਰਦੇ ਖ਼ੁਦ ਸਿਆਸੀ ਆਗੂ ਬਣ ਗਏ ਹਨ।

 

 

ਸ੍ਰੀ ਭਗਵੰਤ ਮਾਨ ਲਈ ਐਤਕੀਂ ਆਪਣੀ ਪਾਰਟੀ ਦੀ ਅੰਦਰੂਨੀ ਬਗ਼ਾਵਤ ਦਾ ਡਟ ਕੇ ਸਾਹਮਣਾ ਕਰਦਿਆਂ ਆਪਣੇ ਪੂਰੇ ਤਾਣ ਨਾਲ ਚੋਣ ਮੈਦਾਨ ਵਿੱਚ ਉੱਤਰਨਾ ਹੋਵੇਗਾ। ਪਿਛਲੀ ਸੰਸਦੀ ਚੋਣ ਦੇ ਅੰਕੜੇ ਇਹੋ ਮੰਗ ਕਰਨਗੇ ਕਿ ਉਹ ਐਤਕੀਂ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਉਣ।

 

 

ਆਮ ਆਦਮੀ ਪਾਰਟੀ ਦੇ ਕੁੱਲ 20 ਵਿਧਾਇਕਾਂ ਵਿੱਚੋਂ ਇੱਕ–ਤਿਹਾਈ ਤਾਂ ਪਹਿਲਾਂ ਹੀ ਬਾਗ਼ੀ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ ਦੋ ਜਣਿਆਂ ਸੁਖਪਾਲ ਸਿੰਘ ਖਹਿਰਾ ਤੇ ਬਲਦੇਵ ਸਿੰਘ ਨੇ ਤਾਂ ਆਪਣੀ ਨਵੀਂ ‘ਪੰਜਾਬੀ ਏਕਤਾ ਪਾਰਟੀ’ ਵੀ ਬਣਾ ਲਈ ਹੈ। ਬਾਕੀ ਦੇ ਪੰਜ ਵਿਧਾਇਕ ਭਾਵੇਂ ਸ੍ਰੀ ਖਹਿਰਾ ਦੀ ਹਮਾਇਤ ’ਤੇ ਹਨ ਪਰ ਉਨ੍ਹਾਂ ਹਾਲੇ ਆਮ ਆਦਮੀ ਪਾਰਟੀ ਨੂੰ ਛੱਡਿਆ ਨਹੀਂ ਹੈ। ਉਹ ਸ੍ਰੀ ਮਾਨ ਦੀ ਆਲੋਚਨਾ ਕਰਨ ਦਾ ਕੋਈ ਮੌਕਾ ਵੀ ਨਹੀਂ ਗੁਆਉਂਦੇ।

 

 

ਉਨ੍ਹਾਂ ਵਿੱਚੋਂ ਇੱਕ ਪਿਰਮਲ ਸਿੰਘ ਧੌਲਾ ਹਨ, ਜੋ ਭਦੌੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਗਰੂਰ ਲੋਕ ਸਭਾ ਹਕਲੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਕਦੇ ਹਮਾਇਤ ਨਹੀਂ ਕਰਨਗੇ। ‘ਅਸੀਂ ਤਾਂ ਹਮ–ਖਿ਼ਆਲ ਉਮੀਦਵਾਰਾਂ ਦੀ ਹਮਾਇਤ ਕਰਾਂਗੇ।’ ਆਮ ਆਦਮੀ ਪਾਰਟੀ ਸਾਲ 2017 ਦੌਰਾਨ ਸੰਗਰੂਰ ਹਲਕੇ ਵਿੱਚ ਪੈਂਦੇ ਕੁੱਲ ਨੌਂ ਵਿੱਚੋਂ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਜਿੱਤੀ ਸੀ।

 

 

ਸ੍ਰੀ ਭਗਵੰਤ ਮਾਨ ਨੂੰ ਐਤਕੀਂ ਅਜਿਹੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦਾ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਤਾਂ ਹੋਣਾ ਹੀ ਹੈ। ਅੰਦਰੂਨੀ ਫੁੱਟ ਕਾਰਨ ਪਾਰਟੀ ਕਾਡਰਾਂ ਵਿੱਚ ਮਨੋਬਲ ਡਿੱਗਾ ਹੋਇਆ ਹੈ। ਪਾਰਟੀ ਦੀ ਇਹ ਅੰਦਰੂਨੀ ਲੜਾਈ ਹੇਠਾਂ ਭਾਵ ਬੁਨਿਆਦੀ ਪੱਧਰ ਤੱਕ ਗਈ ਹੋਈ ਹੈ। ਬਹੁਤੇ ਪਾਰਟੀ ਕਾਰਕੁੰਨਾਂ ਤੇ ਆਗੂਆਂ ਨੂੰ ਹੁਣ ਜਾਪਦਾ ਹੈ ਕਿ ਇਹ ਪਾਰਟੀ ਕਿਉਂਕਿ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮਾਂ ਕਾਰਨ ਹੋਂਦ ਵਿੱਚ ਆਈ ਸੀ ਪਰ ਹੁਣ ਉਹ ਆਪਣੇ ਮੁੱਖ ਮੰਤਵ ਤੋਂ ਹੀ ਰਸਤਾ ਭਟਕ ਚੁੱਕੀ ਹੈ।

 

 

ਬਰਨਾਲਾ ਦੇ ਨਿਵਾਸੀ ਨਿਹਾਲ ਸਿੰਘ ਦਾ ਕਹਿਣਾ ਹੇ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਯਕੀਨੀ ਤੌਰ ਉੱਤੇ ਚੋਣ–ਨਤੀਜਿਆਂ ਨੂੰ ਵੀ ਪ੍ਰਭਾਵਿਤ ਕਰੇਗੀ। ‘ਆਮ ਦੇ ਸਮਰਥਕ ਹੁਣ ਉੱਪਰ ਤੋਂ ਹੇਠਾਂ ਤੱਕ ਦੋ ਧੜਿਆਂ ਵਿੱਚ ਵੰਡੇ ਜਾ ਚੁੱਕੇ ਹਨ। ਪਿਛਲੀਆਂ ਦੋ ਚੋਣਾਂ ਦੌਰਾਨ ‘ਆਪ’ ਦੇ ਵਰਕਰਾਂ ਤੇ ਆਗੂਆਂ ਵਿੰਚ ਜੋ ਜੋਸ਼ ਵੇਖਣ ਨੂੰ ਮਿਲ ਰਿਹਾ ਸੀ, ਉਹ ਐਤਕੀਂ ਗ਼ਾਇਬ ਹੈ।’

 

 

ਪਰ ਸ੍ਰੀ ਭਗਵੰਤ ਮਾਨ ਦਾ ਸੋਚਣਾ ਕੁਝ ਹੋਰ ਤਰ੍ਹਾਂ ਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ੍ਰੀ ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਬਾਕੀ ਸਾਰੇ ਪਹਿਲੀ ਵਾਰ ਹੀ ਚੋਣ ਲੜ ਰਹੇ ਹਨ। ਉਹ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਤੋਂ ਬਗ਼ੈਰ ਚੋਣਾਂ ਲੜ ਵੀ ਸਕਣਗੇ ਜਾਂ ਨਹੀਂ, ਇਸ ਬਾਰੇ ਵੀ ਹਾਲੇ ਸ਼ੱਕ ਹੀ ਹੈ।

 

 

 

ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਨੁਕਸਾਨ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗੱਲਜੋੜ ਕੀਤੇ ਹੋਣ ਦਾ ਐਲਾਨ ਕਰ ਚੁੱਕੀ ਹੈ। ਟਕਸਾਲੀ ਅਕਾਲੀਆਂ ਨਾਲ ਗੱਠਜੋੜ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨੁਕਸਾਨ ਥੋੜ੍ਹਾ ਘੱਟ ਹੋਵੇਗਾ।

 

 

ਸ੍ਰੀ ਭਗਵੰਤ ਮਾਨ ਬਾਰੇ ਅਕਸਰ ਇਹੋ ਸਮਝਿਆ ਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਜਦੋਂ ਵੀ ਚਾਹੇ ਆਸਾਨੀ ਨਾਲ ਮਿਲ ਸਕਦਾ ਹੈ। ਉਨ੍ਹਾਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਲਾਇਬ੍ਰੇਰੀਆਂ, ਸਮਾਰਟ ਕਲਾਸਰੂਮਜ਼, ਸਕੂਲਾਂ ਵਿੱਚ ਆਧੁਨਿਕ ਫ਼ਰਨੀਚਰ, ਸਿਹਤ ਉਪਕਰਨ, ਸੋਲਰ ਲਾਈਟਾਂ, ਖੇਡ ਸੁਵਿਧਾਵਾਂ, ਜਿਮਨੇਜ਼ੀਅਮ ਤੇ ਸੁਰੱਖਿਆ ਉਪਕਰਣਾਂ ਨੂੰ ਅਪਗ੍ਰੇਡ ਕਰਨ ਲਈ ਐੱਮਪੀ ਕੋਟਾ ਦੇ ਫ਼ੰਡ ਜਾਰੀ ਕੀਤੇ ਹਨ।

 

 

ਸ੍ਰੀ ਮਾਨ ਨੇ ਸੁਨਾਮ, ਧੂਰੀ, ਬਰਨਾਲਾ, ਭਵਾਨੀਗੜ੍ਹ, ਖਨੌਰੀ ਤੇ ਸ਼ੇਰਪੁਰ ਵਿੱਚ ਸੀਸੀਟੀਵੀ ਸਿਸਟਮਜ਼ ਸਥਾਪਤ ਕਰਵਾਏ ਹਨ।  ਉਹ ਦੱਸਦੇ ਹਨ ਕਿ ਉਨ੍ਹਾਂ ਤੋਂ ਪਹਿਲਾਂ ਦੇ ਕਿਸੇ ਵੀ ਐੱਮਪੀ ਨੇ ਕਦੇ ਪਿੰਡਾਂ ਵਿੱਚ ਇੰਨੇ ਕੰਮ ਨਹੀਂ ਕਰਵਾਏ। ਸੁਨਾਮ ਤੋਂ ਪਾਰਟੀ ਵਿਧਾਇਕ ਸ੍ਰੀ ਅਮਨ ਅਰੋੜਾ ਵੀ ਸ੍ਰੀ ਮਾਨ ਦੇ ਅਜਿਹੇ ਦਾਅਵਿਆਂ ਦੀ ਪੁਸ਼ਟੀ ਕਰਦੇ ਹਨ।

 

 

ਪਰ ਇਸ ਦੇ ਉਲਟ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਜ਼ਰੂਰ ਸ੍ਰੀ ਭਗਵੰਤ ਮਾਨ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦੇ ਹਨ। ਲੋਕ ਨਿਰਮਾਣ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੀ ਮਾਨ ਨੇ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਅਸਲ ਵਿੱਚ ਕੀਤਾ ਕੁਝ ਨਹੀਂ। ਹੁਣ ਜਦੋਂ ਉਨ੍ਹਾਂ ਦਾ ਕਾਰਜਕਾਲ ਮੁਕੰਮਲ ਹੋਣ ਵਾਲਾ, ਹੁਣ ਉਹ ਜ਼ਰੂਰ ਕੁਝ ਸਰਗਰਮ ਹੋਏ ਹਨ। ਸ੍ਰੀ ਗੋਲਡੀ ਨੇ ਕਿਹਾ ਕਿ ਉਨ੍ਹਾਂ ਆਪਣੀ ਕੇਂਦਰੀ ਗ੍ਰਾਂਟ ਵੰਡਣ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਸਦ ਵਿੱਚ ਬਹੁਤ ਸਾਰੀਆਂ ਬਹਿਸਾਂ ਵਿੱਚ ਭਾਗ ਲੈ ਚੁੱਕੇ ਹਨ ਤੇ ਉਨ੍ਹਾਂ ਨੇ ਬਹੁਤ ਸਾਰੇ ਮੁੱਦੇ ਵੀ ਉਠਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਫਸੇ 4,000 ਭਾਰਤੀਆਂ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਨੌਜਵਾਨ ਹੀ ਸਨ, ਨੂੰ ਬਚਾ ਕੇ ਸਹੀ–ਸਲਾਮਤ ਘਰ ਵਾਪਸ ਲਿਆਂਦਾ ਹੈ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਸੰਗਰੂਰ ਵਿੱਚ ਇੱਕ ਮਲਟੀ–ਸਪੈਸ਼ਿਐਲਿਟੀ ਹਸਪਤਾਲ ਸਥਾਪਤ ਹੋ ਜਾਂਦਾ ਕਿਉਂਕਿ ਹੁਣ ਲੋਕਾਂ ਨੂੰ ਚੰਡੀਗੜ੍ਹ ਜਾਂ ਬੀਕਾਨੇਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਭਲੀਭਾਂਤ ਵਾਕਫ਼ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਹੁਤ ਸਮਰਪਣ ਦੀ ਭਾਵਨਾ ਤੇ ਈਮਾਨਦਾਰੀ ਨਾਲ ਸਖ਼ਤ ਮਿਹਨਤ ਨਾਲ ਕੰਮ ਕੀਤਾ ਹੈ।

 

 

ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕੁਝ ਵੀ ਬਦਲਿਆ ਨਹੀਂ ਹੈ। ਰੇਤ–ਮਾਫ਼ੀਆ, ਬੇਰੁਜ਼ਗਾਰੀ, ਦਲਿਤਾਂ ਉੱਤੇ ਹੋਣ ਵਾਲੀਆਂ ਵਧੀਕੀਆਂ, ਕਿਸਾਨ ਖ਼ੁਦਕੁਸ਼ੀਆਂ ਤੇ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਜਾਣਾ ਸਭ ਕੁਝ ਪੰਜਾਬ ਵਿੱਚ ਉਵੇਂ ਹੀ ਚੱਲ ਰਿਹਾ ਹੈ।

 

 

ਬਾਗ਼ੀਆਂ ਬਾਰੇ ਟਿੱਪਣੀ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਬਾਗ਼ੀਆਂ ਲਈ ਪਾਰਟੀ ਦੇ ਦਰ ਸਦਾ ਖੁੱਲ੍ਹੇ ਹਨ ਪਰ ਇਸ ਬਾਰੇ ਫ਼ੈਸਲਾ ਉਨ੍ਹਾਂ ਨੇ ਖ਼ੁਦ ਕਰਨਾ ਹੈ। ‘ਉਹ ਖ਼ੁਦ ਨੂੰ ਕਹਿੰਦੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਪਰ ਜਦੋਂ ਪਾਰਟੀ ਦੇ ਬਾਕੀ ਸਾਰੇ ਵਿਧਾਇਕ ਵਿਧਾਨ ਸਭਾ ’ਚੋਂ ਵਾਕਆਊਟ ਕਰਦੇ ਹਨ, ਤਾਂ ਉਹ ਬਾਹਰ ਨਹੀਂ ਜਾਂਦੇ। ਸੁਖਪਾਲ ਖਹਿਰਾ ਹੁਣ ਇਹ ਆਖਦੇ ਹਨ ਕਿ ਉਹ ਵਿਧਾਇਕੀ ਤੋਂ ਅਸਤੀਫ਼ਾ ਨਹੀਂ ਦੇਵਾਂਗਾ ਕਿਉਂਕਿ ਆਮ ਜਨਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਆਵਾਜ਼ ਬਣਨ ਲਈ ਚੁਣਿਆ ਹੈ ਪਰ ਉਹ ਸਮੁੱਚੇ ਬਜਟ ਸੈਸ਼ਨ ਦੌਰਾਨ ਕਦੇ ਵਿਖਾਈ ਹੀ ਨਹੀਂ ਦਿੱਤੇ। ਕੀ ਉਹ ਡਿਸਕੁਆਲੀਫ਼ਿਕੇਸ਼ਨ ਨੋਟਿਸ ਤੋਂ ਡਰਦੇ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rift widens Bhagwant Mann will have to push strongly this time