ਤਰਨ ਤਾਰਨ ਜਿ਼ਲ੍ਹੇ `ਚ ਪੱਟੀ ਪੁਲਿਸ ਨੇ ਬੁੱਧਵਾਰ ਨੂੰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿ਼ਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੇ ਐੱਚਡੀਐੱਫਸੀ ਬੈਂਕ ਦੀ ਪੱਟੀ ਸ਼ਾਖ਼ਾ ਦੇ ਗਾਰਡ ਨੂੰ ਕਥਿਤ ਤੌਰ `ਤੇ ਗੋਲ਼ੀ ਮਾਰੀ ਸੀ। ਗਾਰਡ ਨੇ ਪਿੰਡ ਘਰਿਆਲਾ ਲਾਗੇ ਉਨ੍ਹਾਂ ਨੂੰ ਆਪਣਾ ਹੈਂਡਬੈਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਗਾਰਡ ਸਾਗਰ ਸਿੰਘ (25) ਪਿੰਡ ਘਰਿਆਲਾ ਦਾ ਨਿਵਾਸੀ ਹੈ ਤੇ ਉਹ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ `ਚ ਜ਼ੇਰੇ ਇਲਾਜ ਹੈ।
ਪੁਲਿਸ ਨੂੰ ਦਿੱਤੀ ਆਪਣੀ ਸਿ਼ਕਾਇਤ `ਚ ਸਾਗਰ ਨੇ ਦੱਸਿਆ ਕਿ ਉਹ ਪੱਟੀ `ਚ ਐੱਚਡੀਐੱਫ਼ਸੀ ਬੈਂਕ ਦੇ ਗਾਰਡ ਵਜੋਂ ਤਾਇਨਾਤ ਹੈ। ਉਹ ਮੰਗਲਵਾਰ ਰਾਤੀਂ 8:40 ਵਜੇ ਜਦੋਂ ਬੈਂਕ ਤੋਂ ਆਪਣੇ ਮੋਟਰਸਾਇਕਲ `ਤੇ ਘਰ ਪਰਤ ਰਿਹਾ ਸੀ, ਤਾਂ ਬਜਾਜ ਪਲਸਰ ਮੋਟਰਸਾਇਕਲ `ਤੇ ਸਵਾਰ ਦੋ ਅਣਪਛਾਤੇ ਪਿਛਲੇ ਪਾਸਿਓਂ ਉਸ ਕੋਲ ਆਏ ਤੇ ਉਸ ਨੁੰ ਰੋਕ ਲਿਆ। ਉਨ੍ਹਾਂ ਨੇ ਉਸ ਦਾ ਹੈਂਡਬੈਗ ਖੋਹਣ ਦਾ ਜਤਨ ਕੀਤਾ ਪਰ ਗਾਰਡ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇੱਕ ਲੁਟੇਰੇ ਨੇ ਗਾਰਡ ਦੇ ਮੋਢੇ ਦੇ ਪਿਛਲੇ ਪਾਸੇ ਗੋਲ਼ੀ ਮਾਰ ਦਿੱਤੀ। ਉਹ ਬੁਰੀ ਤਰ੍ਹਾਂ ਲਹੂਲੁਹਾਨ ਹਾਲਤ ਵਿੱਚ ਕਿਵੇਂ ਨਾ ਕਿਵੇਂ ਘਰ ਪੁੱਜ ਗਿਆ ਤੇ ਪਰਿਵਾਰਕ ਮੈਂਬਰਾਂ ਾਂਨੇ ਉਸ ਨੁੰ ਅੰਮ੍ਰਿਤਸਰ ਦੇ ਹਸਪਤਾਲ `ਚ ਦਾਖ਼ਲ ਕਰਵਾਇਆ।