ਲੁਧਿਆਣਾ ਜ਼ਿਲ੍ਹੇ ’ਚ ਖੰਨਾ ਲਾਗਲੇ ਪਿੰਡ ਹੋਲ ’ਚ ਸਨਿੱਚਰਵਾਰ–ਐਤਵਾਰ ਦੀ ਰਾਤ ਨੂੰ ਭਾਰੀ ਵਰਖਾ ਦੌਰਾਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿੱਚ ਪਤੀ, ਪਤਨੀ ਤੇ ਉਨ੍ਹਾਂ ਦਾ ਪੁੱਤਰ ਸ਼ਾਮਲ ਹਨ। ਧੀ ਬਚ ਗਈ ਹੈ।
ਮ੍ਰਿਤਕਾਂ ਦੀ ਸ਼ਨਾਖ਼ਤ ਸੁਰਜੀਤ ਸਿੰਘ (40), ਪਤਨੀ ਬਲਵਿੰਦਰ ਕੌਰ (37) ਅਤੇ ਪੁੱਤਰ ਗੁਰਪ੍ਰੀਤ ਸਿੰਘ (8) ਵਜੋਂ ਹੋਈ ਹੈ। 10 ਸਾਲਾ ਧੀ ਸਿਮਰਨਜੀਤ ਕੌਰ ਇਸ ਘਟਨਾ ਵਿੱਚ ਵਾਲ–ਵਾਲ ਬਚ ਗਈ।
ਜਦੋਂ ਇਹ ਛੱਤ ਡਿੱਗੀ, ਤਦ ਇਹ ਪਰਿਵਾਰ ਖਾਣਾ ਖਾ ਰਿਹਾ ਸੀ।
ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਛੱਤ ਦਾ ਸਿਰਫ਼ ਇੱਕ ਹਿੱਸਾ ਡਿੱਗਾ ਸੀ। ਉਹ ਤੁਰੰਤ ਉਸ ਕਮਰੇ ’ਚੋਂ ਬਾਹਰ ਨਿੱਕਲ ਗਏ। ਪਰ ਘਰ ਦੇ ਮੁੱਖ ਦਰਵਾਜ਼ੇ ਨੂੰ ਜਿੰਦਰਾ ਲੱਗਾ ਹੋਇਆ ਸੀ ਤੇ ਉਹ ਖੁੱਲ੍ਹ ਨਾ ਸਕਿਆ ਤੇ ਉਹ ਬਾਹਰ ਨਾ ਨਿੱਕਲ ਸਕੇ ਤੇ ਮਲਬੇ ਹੇਠਾਂ ਦਬ ਗਏ।