ਨੰਗਲ ਤਹਿਸੀਲ ਵਿੱਚ ਪੈਂਦੇ ਪਿੰਡ ਭਲਾਣ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫਤਰ ਦੀ ਛੱਤ ਦਾ ਲੈਂਟਰ ਡਿੱਗਣ ਨਾਲ ਦੋ ਕੰਪਿਊਟਰ ਤੇ ਦੋ ਪ੍ਰਿੰਟਰ ਟੁੱਟ ਗਏ।
ਮੌਕੇ 'ਤੇ ਸੰਬਧਿਤ ਕਰਮਚਾਰੀ ਨਾ ਹੋਣ ਕਾਰਨ ਸਾਰੇ ਵਾਲ-ਵਾਲ ਬਚ ਗਏ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਵਿਖੇ ਛੱਤ ਦਾ ਲੈਂਟਰ ਡਿੱਗਣ ਨਾਲ ਕੰਪਿਊਟਰ ਅਤੇ ਪ੍ਰਿੰਟਰ ਚਕਨਾਚੂਰ ਹੋ ਗਏ।
ਕੈਸ਼ੀਅਰ ਕ੍ਰਿਸ਼ਨ ਦੇਵ ਨੇ ਭੱਜ ਕੇ ਆਪਣੀ ਜਾਨ ਬਚਾਈ। ਰਹੁਲ ਵਸ਼ਿਸਟ ਐਲ.ਡੀ.ਸੀ ਅਤੇ ਯੂ.ਡੀ.ਸੀ ਅਸ਼ੋਕ ਕੁਮਾਰ ਲੰਚ–ਬ੍ਰੇਕ ਹੋਣ ਕਾਰਨ ਕਮਰੇ ਵਿੱਚ ਨਹੀਂ ਸਨ ਇਸ ਕਰਕੇ ਬਚ ਗਏ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਦੋ ਦਹਾਕੇ ਪਹਿਲਾਂ ਕਿਰਾਏ 'ਤੇ ਲਈ ਹੋਈ ਬਿਲਡਿੰਗ 40 ਸਾਲ ਪੁਰਾਣੀ ਹੋਣ ਕਾਰਨ ਡਿੱਗ ਰਹੀ ਹੈ। ਮੌਕੇ 'ਤੇ ਬਿੱਲ ਜਮਾਂ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਦਫ਼ਤਰ ਵਿੱਚ ਪਾਣੀ ਅਤੇ ਪਖਾਨੇ ਦੀ ਸਹੂਲਤ ਨਾ ਮਾਤਰ ਹੈ, ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਵਹੀਕਲ ਸੜਕ ਵਿੱਚ ਖੜ੍ਹਾਉਣੇ ਪੈਂਦੇ ਹਨ।
ਆਮ ਲੋਕਾਂ ਨੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਫ਼ਤਰ ਨੂੰ ਕਿਸੇ ਸੁੱਰਖਿਅਤ ਜਗ੍ਹਾ 'ਤੇ ਤਬਦੀਲ ਕੀਤਾ ਜਾਵੇ ਤਾਂ ਕਿ ਲੋਕ ਅਤੇ ਕਰਮਚਾਰੀ ਅਪਣੀ ਜਾਨ ਮਾਲ ਨੂੰ ਬਚਾ ਸਕਣ।