ਸਤਲੁੱਜ ਦਰਿਆ 'ਚ ਸੱਤਾਧਾਰੀਆਂ ਦੀਆਂ ਕਥਿਤ ਸਹਿ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਪਾਰਟੀ ਦੇ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਰਾਜਸੀ ਵਿਰੋਧੀਆਂ ਵਿਰੁੱਧ ਆਪਣੀਆਂ ਦਮਨਕਾਰੀ ਨੀਤੀਆਂ ਨਾ ਬਦਲੀਆਂ ਤਾਂ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਰਹੇਗੀ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਭਾਜਪਾ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ 'ਚ ਸਿਆਸੀ ਸਰਪ੍ਰਸਤੀ ਹੇਠ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਾਜ਼ਾਇਜ ਮਾਈਨਿੰਗ ਕਾਰਨ ਸਤਲੁੱਜ ਦਰਿਆ 'ਚ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ 'ਤੇ ਬਣੇ ਹਾਈ ਲੈਵਲ ਪੁੱਲ ਦੇ ਵਜੂਦ ਵੀ ਖਤਰਾ ਪੈਦਾ ਹੋ ਗਿਆ ਹੈ।
ਨਾਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਣ ਵਾਲੇ ਭਾਜਪਾ ਆਗੂ ਐਡਵੋਕੇਟ ਸਤਵੀਰ ਰਾਣਾ ਨੇ ਦੱਸਿਆ ਕਿ ਉਨ੍ਹਾਂ ਵੇਖਿਆ ਕਿ ਰਾਤ ਦੇ ਹਨੇਰੇ 'ਚ ਸਤਲੁੱਜ ਦਰਿਆ ਦੇ ਉਕਤ ਪੁੱਲ ਦੇ ਬਿਲਕੁੱਲ ਕਰੀਬ 4 ਮਸ਼ੀਨਾਂ ਨਾਲ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਦੀ ਸੂਚਨਾ ਉਨ੍ਹਾਂ ਨੇ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਉਪਿੰਦਰ ਸਿੰਘ ਪਾਬਲਾ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਕਤ ਅਧਿਕਾਰੀ ਨੂੰ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮੋਬਾਈਲ ਫ਼ੋਨ 'ਤੇ ਦੇਣ ਤੋਂ ਕੁਝ ਕੁ ਮਿੰਟ ਅੰਦਰ ਉਕਤ ਚਾਰੇ ਮਸ਼ੀਨਾਂ ਬੜੀ ਤੇਜ਼ੀ ਨਾਲ ਦਰਿਆ ਤੋਂ ਬਾਹਰ ਚਲੀਆਂ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਖਾਨਾਪੂਰਤੀ ਲਈ ਲਗਭਗ ਘੰਟੇ ਕੁ ਬਾਅਦ ਤਹਿਸੀਲ ਮਾਈਨਿੰਗ ਅਫਸਰ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੂੰ ਉਹ ਨਾਲ ਲੈ ਕੇ ਦਰਿਆ ਅੰਦਰ ਪੁੱਲ ਦੇ ਨਜ਼ਦੀਕ ਕੀਤੀ ਨਾਜਾਇਜ਼ ਮਾਈਨਿੰਗ ਵਾਲੇ ਖੱਡੇ ਦਿਖਾਏ, ਜੋ ਕਿ ਲਗਭਗ 2000 ਫੁੱਟ ਡੂੰਘੇ ਸਨ। ਉਨ੍ਹਾਂ ਦਰਿਆ ਸਤਲੁੱਜ ਨੇੜਲੇ ਇੱਕ ਸਟੋਨ ਕਰੈਸਰ 'ਤੇ ਨਾਜਾਇਜ਼ ਮਾਈਨਿੰਗ ਕਰਕੇ ਸੁੱਟਿਆ ਕੱਚਾ ਮਾਲ ਵੀ ਦਿਖਾਇਆ। ਰਾਣਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਸੱਤਾਧਾਰੀਆਂ ਦੇ ਦਬਾਅ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੋਤਾ, ਅਜੈ ਰਾਣਾ, ਜਨਰਲ ਸਕੱਤਰ ਮੁਕੇਸ਼ ਨੱਡਾ, ਮੰਡਲ ਪ੍ਰਧਾਨ ਦਿਨੇਸ਼ ਜੋਸੀ, ਮੋਹਨ ਸਿੰਘ ਕੈਂਥ, ਰਾਮ ਕੁਮਾਰ, ਰਾਜੇਸ਼ ਰਾਣਾ, ਦਵਿੰਦਰ ਵਰਮਾ, ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਸਨ।
ਇਸ ਸਬੰਧੀ ਜ਼ਿਲ੍ਹਾ ਮਾਈਨਿੰਗ ਅਫ਼ਸਰ ਉਪਿੰਦਰ ਸਿੰਘ ਪਾਬਲਾ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਉਨ੍ਹਾਂ ਨੇ ਫ਼ੋਨ ਨਾ ਚੁੱਕਿਆ। ਥਾਣਾ ਮੁਖੀ ਭਾਰਤ ਭੂਸ਼ਨ ਨੇ ਇਸ ਸਬੰਧੀ ਕਿਹਾ ਕਿ ਉਕਤ ਮਾਮਲੇ 'ਚ ਸ਼ਾਮਲ ਧਿਰਾਂ ਉਨ੍ਹਾਂ ਕੋਲ ਆਈਆਂ ਸਨ ਅਤੇ ਸਮਾਂ ਲੈ ਕੇ ਚਲੀਆਂ ਗਈਆਂ ਹਨ। ਸਤਵੀਰ ਰਾਣਾ ਵੱਲੋਂ ਲਗਾਏ ਦੋਸ਼ ਨਿਰਾਧਾਰ ਅਤੇ ਝੂਠੇ ਹਨ।