ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਦੀ ਸ਼ਾਨ ਨਵਾਬੀ

ਪੰਜਾਬੀ ਦੀ ਸ਼ਾਨ ਨਵਾਬੀ

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ। 

ਮਾਤ- ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ।

 

ਗੁਰੂਆਂ- ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿੱਚ ਪੰਜਾਬੀ 

ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ

ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ। 

ਮਾਤ-ਭਾਸ਼ਾ ਦਾ...

 

ਇਸ ਭਾਸ਼ਾ ਵਿੱਚ ਫ਼ਰੀਦ- ਕਬੀਰ ਜੀ, ਰਚੇ ਨੇ ਕਈ ਸ਼ਲੋਕ 

ਦੇਸ਼ ਵਿਦੇਸ਼ 'ਚ ਲੱਖਾਂ, ਏਹੋ ਬੋਲੀ ਬੋਲਣ ਲੋਕ

ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ ਵੀ ਕਿਰਦਾਰ। 

ਮਾਤ-ਭਾਸ਼ਾ ਦਾ...

 

ਗੁਰਬਾਣੀ ਤੇ ਸੂਫ਼ੀ ਕਵਿਤਾ, ਵਾਰਾਂ-ਕਿੱਸੇ-ਦੋਹੇ 

ਇਸ ਭਾਸ਼ਾ ਵਿੱਚ ਵਾਰਿਸ ਸ਼ਾਹ ਨੇ, ਇਸ਼ਕ ਦੇ ਨਗ਼ਮੇ ਛੋਹੇ

ਵਿੱਚ ਪੰਜਾਬੀ ਲਿਖਿਆ ਪੀਲੂ, ਮੁਕਬਲ, ਅਹਿਮਦ ਯਾਰ। 

ਮਾਤ-ਭਾਸ਼ਾ ਦਾ...

 

ਹਾਸ਼ਮ ਸ਼ਾਹ ਤੇ ਸ਼ਿਵ ਕੁਮਾਰ ਨੇ, ਲਿਖੇ ਨੇ ਬਿਰਹਾ ਗੀਤ 

ਏਸੇ ਭਾਸ਼ਾ ਵਿੱਚ ਲਿਖਦਾ ਹੈ, ਕਵਿਤਾ 'ਨਵ ਸੰਗੀਤ' 

ਸਾਰੇ ਨੇ ਪੰਜਾਬੀ, ਹਿੰਦੂ, ਮੁਸਲਿਮ ਤੇ ਸਰਦਾਰ। 

ਮਾਤ-ਭਾਸ਼ਾ ਦਾ...

 

ਕਦੇ ਏਸਨੂੰ ਸਮਝ ਗੰਵਾਰੂ, ਪੈਰਾਂ ਵਿੱਚ ਹੈ ਰੋਲੀ 

ਬੋਲ ਕੇ ਵੇਖ ਪੰਜਾਬੀ ਭਾਸ਼ਾ, ਹੈ ਨਾ ਮਿਸ਼ਰੀ ਘੋਲੀ

ਮਾਂ- ਬੋਲੀ ਬੋਲਣ ਵਾਲੇ ਨੂੰ, ਨਾ ਪਾਈਏ ਫਿਟਕਾਰ। 

ਮਾਤ-ਭਾਸ਼ਾ ਦਾ...

 

ਪਿਓ-ਦਾਦੇ ਦਾ ਖੋਲ੍ਹ ਵੇਖੀਏ, ਇਹ ਅਨਮੋਲ ਖ਼ਜ਼ਾਨਾ 

ਆਪਸ ਵਿੱਚ ਪੰਜਾਬੀ ਬੋਲੋ, ਕੋਈ ਨਾ ਦਿੱਸੇ ਬੇਗਾਨਾ

ਮਾਂ-ਬੋਲੀ ਦਾ ਉੱਚਾ ਰੁਤਬਾ, ਵਿਰਸਾ, ਸੱਭਿਆਚਾਰ। 

ਮਾਤ-ਭਾਸ਼ਾ ਦਾ...

 

ਜਨਮ- ਮਰਨ ਤੇ ਵਿਆਹ ਦੇ ਮੌਕੇ, ਜਾਂ ਫਿਰ ਖੁਸ਼ੀ- ਗ਼ਮੀ ਵਿੱਚ

ਏਹੋ ਭਾਸ਼ਾ ਤ੍ਰਿਪਤੀ ਦੇਵੇ, ਸਾਨੂੰ ਖੁਸ਼ਕ- ਨਮੀ ਵਿੱਚ

ਗਿਣੇ ਨਾ ਜਾਵਣ ਮਾਂ ਬੋਲੀ ਦੇ, ਕਿੰਨੇ ਨੇ ਉਪਕਾਰ। 

ਮਾਤ-ਭਾਸ਼ਾ ਦਾ...

 

ਵਿੱਚ ਸੰਸਾਰ ਦੇ ਇਸ ਭਾਸ਼ਾ ਨੂੰ, ਮਿਲਿਆ ਉੱਚਾ ਦਰਜਾ 

ਮੰਨੀਏ ਖ਼ੁਦ ਨੂੰ ਜੇ ਪੰਜਾਬੀ, ਬਿਨ ਇਹਦੇ ਨਾ ਸਰਦਾ 

ਰਫ਼ਤਾ- ਰਫ਼ਤਾ ਕਰਕੇ ਇਸਦੀ, ਤੇਜ਼ ਹੋਈ ਰਫ਼ਤਾਰ।

ਮਾਤ-ਭਾਸ਼ਾ ਦਾ...

 

ਕੁਝ ਪੜ੍ਹਦੇ ਅਖ਼ਬਾਰ- ਰਸਾਲੇ, ਪੜ੍ਹਨ ਕਈ ਗੁਰਬਾਣੀ

ਮਾਂ-ਬੋਲੀ ਪੰਜਾਬੀ ਸਾਡੀ, ਗੱਲ ਇਹ ਸੱਚੀ ਜਾਣੀ 

ਦੇਸ਼-ਵਿਦੇਸ਼ੀਂ ਬੋਲਣ, ਮੰਦਿਰ-ਮਸਜਿਦ- ਗੁਰ ਦਰਬਾਰ।

ਮਾਤ-ਭਾਸ਼ਾ ਦਾ...

 

ਸਮਝੋ- ਸਿੱਖੋ ਹੋਰ ਬੋਲੀਆਂ, ਛੱਡੋ ਨਾ ਪੰਜਾਬੀ 

'ਰੂਹੀ' ਉੱਚੀ ਆਖ ਸੁਣਾਵੇ : ਇਹਦੀ ਸ਼ਾਨ ਨਵਾਬੀ

ਮਾਂ ਬੋਲੀ ਸੁਣ ਕੇ ਹੈ ਛਿੜਦੀ, ਕਣ- ਕਣ ਵਿੱਚ ਝੁਣਕਾਰ।

ਮਾਤ-ਭਾਸ਼ਾ ਦਾ...

<<<<<<<<<<<<<<<<<<<<<<<<<<<<<<<<<<<

~  ਪ੍ਰੋ.ਨਵ ਸੰਗੀਤ ਸਿੰਘ

ਪੰਜਾਬੀ ਦੀ ਸ਼ਾਨ ਨਵਾਬੀ

 # ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302

    (ਬਠਿੰਡਾ)   9417692015.