ਪੰਜਾਬ ਸਰਕਾਰ ਭਾਵੇਂ ਇਸ ਵੇਲੇ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ ਪਰ ਫਿਰ ਵੀ ਉਸ ਨੇ 150 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ‘ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ’ (HUDCO) ਤੋਂ ਇਹ ਕਰਜ਼ਾ 60 ਪੁਲਿਸ ਥਾਣਿਆਂ ਦੀ ਉਸਾਰੀ ਤੇ ਮੁਰੰਮਤ ਕਰਵਾਉਣ ਲਈ ਲਿਆ ਗਿਆ ਹੈ। ਉਸਾਰੀ ਛੇਤੀ ਹੀ ਸ਼ੁਰੂ ਹੋ ਜਾਵੇਗੀ।
ਇਸ ਪ੍ਰੋਜੈਕਟ ਲਈ ਸਿਰਫ਼ ਉਨ੍ਹਾਂ ਹੀ ਪੁਲਿਸ ਥਾਣਿਆਂ ਨੂੰ ਚੁਣਿਆ ਗਿਆ ਹੈ; ਜਿੱਥੇ ਸਥਾਨਕ ਅਥਾਰਟੀਜ਼ ਨੇ ਜ਼ਮੀਨ ਦੀ ਉਪਲਬਧਤਾ ਬਾਰੇ ਕੋਈ ਅੰਤਿਮ ਫ਼ੈਸਲਾ ਲੈ ਲਿਆ ਹੈ।
ਇਨ੍ਹਾਂ ਪੁਲਿਸ ਥਾਣਿਆਂ ਦੀਆਂ ਨਵੀਂਆਂ ਇਮਾਰਤਾਂ ਨੂੰ ਹੁਣ ਅਤਿ–ਆਧੁਨਿਕ ਰੂਪ ਤੇ ਦਿੱਖ ਪ੍ਰਦਾਨ ਕੀਤੀ ਜਾਣੀ ਹੈ। ਇਸ ਵੇਲੇ ਬਹੁਤ ਸਾਰੇ ਪੁਲਿਸ ਥਾਣਿਆਂ ਨੂੰ ਨਵੀਂਆਂ ਇਮਾਰਤਾਂ ਵਿੱਚ ਸ਼ਿਫ਼ਟ ਕੀਤਾ ਜਾਣਾ ਹੈ।
ਸਰਕਾਰ ਨੇ ਇਸ ਸਬੰਧੀ ਇੱਕ ਵਿਆਪਕ ਤਜਵੀਜ਼ ਤਿਆਰ ਕੀਤੀ ਸੀ ਤੇ ਪਿਛਲੇ ਵਰ੍ਹੇ ਇਸ ਨੂੰ ਹੁੱਡਕੋ ਕੋਲ ਭੇਜਿਆ ਸੀ। ਥਾਣਿਆਂ ਦੀਆਂ ਨਵੀਂਆਂ ਇਮਾਰਤਾਂ ਦੀ ਉਸਾਰੀ ਲਈ ਪੰਜਾਬ ਪੁਲਿਸ ਹਾਊਸਿੰਗ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਟੈਂਡਰ ਨੋਟਿਸ ਜਾਰੀ ਕੀਤਾ ਜਾਵੇਗਾ।
ਪੰਜਾਬ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਥਾਣਿਆਂ ਲਈ ਨਵੀਂਆਂ ਇਮਾਰਤਾਂ ਦੀ ਉਸਾਰੀ ਹੋਣਾ ਇੱਕ ਆਮ ਪ੍ਰਕਿਰਿਆ ਹੈ, ਜੋ ਆਮ ਚੱਲਦੀ ਰਹਿੰਦੀ ਹੈ।
ਪੰਜਾਬ ਦੇ ਬਹੁਤ ਸਾਰੇ ਪੁਲਿਸ ਥਾਣਿਆਂ ਦੀਆਂ ਇਮਾਰਤਾਂ ਦੀ ਹਾਲਤ ਬਹੁਤ ਮਾੜੀ ਹੈ। ਕਈ ਇਮਾਰਤਾਂ ਦੀ ਹਾਲਤ ਤਾਂ ਇੰਨੀ ਭੈੜੀ ਹੈ ਕਿ ਉਹ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ।