ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਜ਼ੁਰਗ ਜੋੜੀ ਨੂੰ 20.86 ਲੱਖ ਮੁਆਵਜ਼ਾ, ਟ੍ਰਿਬਿਊਨਲ ਨੇ ਕੀਤੀ ਇਹ ਸ਼ਾਨਦਾਰ ਟਿੱਪਣੀ

​​​​​​​ਬਜ਼ੁਰਗ ਜੋੜੀ ਨੂੰ 20.86 ਲੱਖ ਮੁਆਵਜ਼ਾ, ਟ੍ਰਿਬਿਊਨਲ ਨੇ ਕੀਤੀ ਇਹ ਟਿੱਪਣੀ

‘ਮੋਟਰ ਐਕਸੀਡੈਂਟਸ ਕਲੇਮਜ਼ ਟ੍ਰਿਬਿਊਨਲ’ (MACT) ਨੇ ਅੱਜ ਯੂਨਾਈਟਿਡ ਇੰਡੀਆ ਇਨਸ਼ਯੋਰੈਂਸ ਕੰਪਨੀ ਅਤੇ ਇੱਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਉਸ ਔਰਤ ਦੇ ਮਾਪਿਆਂ ਨੂੰ 20.86 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਦੀ ਇੱਕ ਹਾਦਸੇ ‘ਚ ਮੌਤ ਹੋ ਗਈ ਸੀ।

 

 

ਅੱਜ ਬੁੱਧਵਾਰ ਨੂੰ ਟ੍ਰਿਬਿਊਨਲ ਨੇ ਆਪਣਾ ਅਹਿਮ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ – ‘ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਆਪਣੇ ਬਜ਼ੁਰਗ ਮਾਪਿਆਂ ਦੀ ਓਨੀ ਹੀ ਦੇਖਭਾਲ ਕਰਦੀਆਂ ਹਨ।’ ਟ੍ਰਿਬਿਊਨਲ ਨੂੰ ਇਹ ਟਿੱਪਣੀ ਇਸ ਲਈ ਕਰਨੀ ਪਈ ਕਿਉਂਕਿ ਬੀਮਾ ਨੇ ਬਹਿਸ ਦੌਰਾਨ ਇਹ ਦਲੀਲ ਦਿੱਤੀ ਸੀ ਕਿ 34 ਸਾਲਾ ਮ੍ਰਿਤਕ ਅਨੂ ਅਣਵਿਆਹੀ ਸੀ ਤੇ ਉਸ ਨੇ ਵਿਆਹ ਕਰਵਾ ਕੇ ਆਪਣੇ ਸਹੁਰੇ ਪਰਿਵਾਰ ਚਲੇ ਜਾਣਾ ਸੀ; ਜਿਸ ਕਾਰਨ ਮਾਪਿਆਂ ਪ੍ਰਤੀ ਉਸ ਦਾ ਯੋਗਦਾਨ ਘਟ ਜਾਣਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਅਨੂ ਦੀ ਮੌਤ ਇੱਕ ਸੜਕ ਹਾਦਸੇ ਦੌਰਾਨ 2015 ‘ਚ ਹੋ ਗਈ ਸੀ; ਜਦੋਂ ਇੱਕ ਕਾਰ ਨੇ ਉਸ ਦੇ ਐਕਟਿਵਾ ਸਕੂਟਰ ਨੂੰ ਟੱਕਰ ਮਾਰ ਦਿੱਤੀ ਸੀ। ਤਦ ਉਹ ਦਫ਼ਤਰ ਜਾ ਰਹੀ ਸੀ। ਕਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਦਾ ਨਿਵਾਸੀ ਹੁਸਨ ਚੰਦ ਚਲਾ ਰਿਹਾ ਸੀ। ਟ੍ਰਿਬਿਊਨਲ ਨੇ ਵਾਹਨ ਦੇ ਡਰਾਇਵਰ ਤੇ ਮਾਲਕ ਹੁਸਨ ਚੰਦ ਨੂੰ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਦੋਸ਼ੀ ਪਾਇਆ । ਇਸੇ ਲਈ ਹੁਸਨ ਚੰਦ ਤੇ ਬੀਮਾ ਕੰਪਨੀ ਨੂੰ ਸਾਂਝੇ ਤੌਰ ‘ਤੇ ਅਨੂ ਦੇ ਪਿਤਾ ਧਰਮਪਾਲ ਮਾਗੋ (60) ਅਤੇ ਮਧੂ ਮਾਗੋ (58) ਨੂੰ ਮੁਆਵਜ਼ੇ ਦੀ ਰਕਮ ਦੇਣ ਲਈ ਆਖਿਆ ਗਿਆ ਹੈ।

 

 

ਟ੍ਰਿਬਿਊਨਲ ਦੀ ਹਦਾਇਤ ਮੁਤਾਬਕ ਮੁਆਵਜ਼ਾ ਰਾਸ਼ੀ 20.86 ਲੱਖ ਰੁਪਏ 7.5 ਫ਼ੀ ਸਦੀ ਵਿਆਜ ਸਮੇਤ ਦੋ ਮਹੀਨਿਆਂ ਦੇ ਅੰਦਰ ਬਜ਼ੁਰਗ ਜੋੜੀ ਕੋਲ ਪੁੱਜਣੀ ਚਾਹੀਦੀ ਹੈ। ਟ੍ਰਿਬਿਊਨਲ ਦੇ ਫ਼ੈਸਲੇ ਮੁਤਾਬਕ ਜੇ ਇਸ ਮਿਆਦ ਦੌਰਾਨ ਮੁਆਵਜ਼ਾ ਇਸ ਬਜ਼ੁਰਗ ਜੋੜੀ ਨੂੰ ਨਹੀਂ ਦਿੱਤਾ ਜਾਂਦਾ, ਤਦ ਉਨ੍ਹਾਂ ਨੂੰ ਵਿਆਜ 9 ਫ਼ੀ ਸਦੀ ਦਰ ਨਾਲ ਅਦਾ ਕਰਨਾ ਹੋਵੇਗਾ।

 

 

ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵਿਵੇਕ ਪੁਰੀ ਨੇ ਫ਼ੈਸਲਾ ਸੁਣਾਉਂਦੇ ਸਮੇਂ ਟ੍ਰਿਬਿਊਨਲ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ,‘ਇਹ ਧਾਰਨਾ ਹੁਣ ਬਹੁਤ ਪੁਰਾਣੀ ਹੋ ਚੁੱਕੀ ਹੈ ਕਿ ਕੇਵਲ ਪੁੱਤਰ ਹੀ ਬੁਢਾਪੇ ‘ਚ ਆਪਣੇ ਮਾਪਿਆਂ ਦੀ ਸੇਵਾ ਕਰ ਸਕਦਾ ਹੈ। ਹੁਣ ਧੀਆਂ ਵੀ ਮਾਪਿਆਂ ਨੂੰ ਸਰੀਰਕ ਤੇ ਨੈਤਿਕ ਮਦਦ ਮੁਹੱਈਆ ਕਰਵਾਉਂਦੀਆਂ ਹਨ। ਉਹ ਉਨ੍ਹਾਂ ਦੀ ਮਾਇਕ ਮਦਦ ਵੀ ਕਰਦੀਆਂ ਹਨ।’

 

 

ਅਨੂ ਮੋਹਾਲੀ ਦੇ ICAII ਇੰਸਟੀਚਿਊਟ ਵਿੱਚ ਟੈਕਨੀਕਲ ਮੈਨੇਜਰ ਸੀ। 29 ਸਤੰਬਰ, 2015 ਨੂੰ ਜਦੋਂ ਉਹ ਦਫ਼ਤਰ ਜਾ ਰਹੀ ਸੀ; ਤਦ ਉਸ ਨਾਲ ਭਿਆਨਕ ਹਾਦਸੇ ਦਾ ਭਾਣਾ ਵਰਤ ਗਿਆ ਸੀ। ਇਹ ਹਾਦਸਾ ਮੋਹਾਲੀ ਦੇ ਫ਼ੇਸ 3ਬੀ2 ਅਤੇ ਸੈਕਟਰ 71 ਵਿਚਕਾਰਲੀ ਸੜਕ ‘ਤੇ ਵਾਪਰਿਆ ਸੀ। ਉਹ ਹਾਲੇ ਪੀਸੀਐੱਲ ਗੋਲ਼–ਚੱਕਰ ਕੋਲ ਪੁੱਜੀ ਹੀ ਸੀ ਕਿ ਤੇਜ਼–ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਉਸ ਨੂੰ ਤੁਰੰਤ ਮੋਹਾਲੀ ਦੇ ਫ਼ੇਸ–6 ਸਥਿਤ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ; ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਰੇਫ਼ਰ ਕਰ ਦਿੱਤਾ ਗਿਆ ਸੀ। ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 4 ਅਕਤੂਬਰ, 2015 ਨੂੰ ਦਮ ਤੋੜ ਗਈ ਸੀ।

 

 

ਸੁਣਵਾਈ ਦੌਰਾਨ ਹੁਸਨ ਚੰਦ ਨੇ ਤਾਂ ਇਸ ਗੱਲੋਂ ਇਨਕਾਰ ਹੀ ਕਰ ਦਿੱਤਾ ਸੀ ਕਿ ਕੋਈ ਹਾਦਸਾ ਵਾਪਰਿਆ ਵੀ ਹੈ। ਉਸ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਉਸ ਵਿਰੁੱਧ ਐੱਫ਼ਆਈਆਰ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਦਾਇਰ ਕੀਤੀ ਗਈ ਸੀ। ਸਾਲ 2018 ‘ਚ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਬਰੀ ਵੀ ਕਰ ਦਿੱਤਾ ਸੀ। ਉੱਧਰ ਬੀਮਾ ਕੰਪਨੀ ਨੇ ਵੀ ਦਾਅਵਾ ਕੀਤਾ ਸੀ ਕਿ ਉਹ ਕੋਈ ਮੁਆਵਜ਼ਾ ਦੇਣ ਦੀ ਹੱਕਦਾਰ ਨਹੀਂ ਹੈ ਕਿਉਂਕਿ ਹਾਦਸਾ ਅਨੂ ਦੀ ਲਾਪਰਵਾਹੀ ਕਾਰਨ ਵਾਪਰਿਆ ਸੀ।

 

 

ਅਨੂ ਦੇ ਪਿਤਾ ਧਰਮਪਾਲ ਮਾਗੋ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਦੱਸਿਆ,‘ਮੈਂ ਆਪਣੀ ਧੀ ਨੂੰ ਸਕੂਟਰ ਨੂੰ ਕਾਰ ਦੀ ਟੱਕਰ ਤੋਂ ਬਾਅਦ ਹਵਾ ‘ਚ ਉੱਛਲਦੇ ਤੱਕਿਆ। ਫਿਰ ਮੈਂ ਵੀ ਡਿੱਗ ਪਿਆ ਸਾਂ ਤੇ ਮੈਂ ਬੇਸੁਰਤ ਹੋ ਗਿਆ। ਫਿਰ ਕਿਸੇ ਨੇ ਮੈਨੂੰ ਹਿਲਾਇਆ ਤੇ ਦੱਸਿਆ ਕਿ ਮੇਰੀ ਧੀ ਹਾਲੇ ਸਾਹ ਲੈ ਰਹੀ ਹੈ।’

 

 

ਸਵਰਾਜ ਟਰੈਕਟਰ ਫ਼ੈਕਟਰੀ ਤੋਂ ਸੇਵਾ–ਮੁਕਤ ਹੋਏ ਮਾਗੋ ਹੁਰਾਂ ਦੱਸਿਆ ਕਿ ਉਹ ਸੈਰ ਕਰਨ ਲਈ ਬਾਹਰ ਨਿੱਕਲੇ ਸਨ ਤੇ ਹਾਦਸਾ ਉਨ੍ਹਾਂ ਤੋਂ ਸਿਰਫ਼ 10 ਫ਼ੁੱਟ ਦੀ ਦੂਰੀ ‘ਤੇ ਵਾਪਰਿਆ ਸੀ। ਉਨ੍ਹਾਂ ਦੱਸਿਆ ਕਿ ਅਨੂ ਸਿਰਫ਼ ਉਨ੍ਹਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਹ ਸਭ ਦੱਸਦਿਆਂ ਸ੍ਰੀ ਮਾਗੋ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਸਨ।

 

 

ਜਦੋਂ ਅਨੂ ਦਾ ਦੇਹਾਂਤ ਹੋਇਆ, ਉਸ ਵੇਲੇ ਮਾਗੋ ਦਾ ਪਰਿਵਾਰ ਆਰਥਿਕ ਤੌਰ ‘ਤੇ ਕਾਫ਼ੀ ਤੰਗੀਆਂ ‘ਚੋਂ ਲੰਘ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਪੁੱਤਰ 2012 ‘ਚ ਵਿਦੇਸ਼ ਗਿਆ ਸੀ ਤੇ ਅਨੂ ਦੇ ਦੇਹਾਂਤ ਵੇਲੇ ਉਹ ਹਾਲੇ ਚੰਗੀ ਤਰ੍ਹਾਂ ਸੈਟਲ ਨਹੀਂ ਹੋ ਸਕਿਅਆ ਸੀ। ਉਸ ਨੇ ਜੁਲਾਈ 2016 ‘ਚ ਪਰਤਣਾ ਸੀ, ਜਦੋਂ ਉਸ ਨੂੰ ਦਿੱਲੀ ਦੇ ਹਵਾਈ ਅੱਡੇ ‘ਤੇ ਬ੍ਰੇਨ ਸਟਰੋਕ ਹੋਇਆ। ਉਸ ਤੋਂ ਬਾਅਦ ਉਹ ਸਦਾ ਲਈ ਮੰਜੇ ‘ਤੇ ਪੈ ਗਿਆ। ਅਨੂ ਦੇ ਦੇਹਾਂਤ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਉਸ ਨੂੰ ਦੋ ਵਾਰ ਬ੍ਰੇਨ ਸਟਰੋਕ ਤੇ ਬ੍ਰੇਨ ਹੈਮਰੇਜ ਹੋ ਚੁੱਕੇ ਹਨ।

 

 

ਸ੍ਰੀ ਮਾਗੋ ਹੁਣ ਮੋਹਾਲੀ ‘ਚ ਇੱਕ ਕੈਮਿਸਟ ਦੀ ਦੁਕਾਨ ‘ਤੇ ਕੰਮ ਕਰਦੇ ਹਨ। ਡਰਾਇਵਰ ਹੁਸਨ ਚੰਦ ਉਨ੍ਹਾਂ ਦੇ ਘਰ ਵੀ ਆਇਆ ਸੀ। ਉਹ ਨੂਰਪੁਰ ਬੇਦੀ ‘ਚ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ। ਸ੍ਰੀ ਮਾਗੋ ਤਾਂ ਸ਼ੁਰੂ ‘ਚ ਐੱਫ਼ਆਈਆਰ ਵੀ ਦਾਇਰ ਨਹੀਂ ਕਰਵਾਉਣਾ ਚਾਹੁੰਦੇ ਸਨ ਪਰ ਹਸਪਤਾਲ ਨੇ ਜਦੋਂ ਅਨੂ ਦੀ ਮ੍ਰਿਤਕ ਦੇਹ ਉਨ੍ਹਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ; ਤਦ ਉਨ੍ਹਾਂ ਨੇ ਐੱਫ਼ਆਈਆਰ ਦਾਇਰ ਕਰਵਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 20 Lakh 86 thousand compensation to Old couple