ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਅੱਗੇ ਹੋ ਕੇ ਕੰਮ ਕਰਨ ਵਾਲੇ ਸਰਕਾਰੀ ਸਿਹਤ, ਸਫ਼ਾਈ ਤੇ ਪੁਲਿਸ ਮੁਲਾਜ਼ਮਾਂ ਲਈ 50 ਲੱਖ ਰੁਪਏ ਦੇ ਵਿਸ਼ੇਸ਼ ਬੀਮਾ ਦੀ ਵਿਵਸਥਾ ਕੀਤੀ ਸੀ ਪਰ ਵੈਟਰਨਰੀ (ਪਸ਼ੂਆਂ ਦੇ) ਡਾਕਟਰਾਂ ਤੇ ਮੁਲਾਜ਼ਮਾਂ ਨੂੰ ਇਸ ਸੁਵਿਧਾ ਤੋਂ ਬਾਹਰ ਰੱਖਿਆ ਗਿਆ ਹੈ।
ਕੋਰੋਨਾ ਮਹਾਂਮਾਰੀ ਦੇ ਸੰਕਟ ਦੋਰਾਨ ਜਿਥੇ ਪੁਲਿਸ, ਸਿਹਤ ਵਿਭਾਗ ਅਤੇ ਸਫਾਈ ਕਰਮਚਾਰੀ ਆਪਣੀ ਡਿਊਟੀ ਫਰੰਟ–ਲਾਈਨ ‘ਤੇ ਨਿਭਾਅ ਰਹੇ ਹਨ, ਜਿਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਪੰਜਾਬ ਦਾ ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਵੀ ਇਸ ਮਹਾਂਮਾਰੀ ਦੋਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਅ ਰਹੇ ਹਨ। ਇਸ ਵਿਭਾਗ ਦਾ ਰੋਲ ਵੀ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਇਹ ਵੀ ਮੂਹਰਲੀ ਕਤਾਰ ’ਚ ਰਹਿ ਕੇ ਕੰਮ ਕਰ ਰਹੇ ਹਨ।
ਇਸ ਵਿਭਾਗ ਦੇ ਮੁਲਾਜ਼ਮਾਂ ਦਾ ਬੀਮਾ ਵੀ ਪੰਜਾਬ ਸਰਕਾਰ ਨੂੰ 50 ਲੱਖ ਰੁਪਏ ਦਾ ਕਰਨਾ ਚਾਹੀਦਾ ਹੈ। ਇਹ ਵਿਚਾਰ ਸਟੇਟ ਵੈਟਰਨਰੀ ਆਫ਼ੀਸਰਜ਼ ਐਸੋਸੀਏਸ਼ਨ ਦੇ ਮੈਂਬਰ ਅਤੇ ਵੈਟਰਨਰੀ ਹਸਪਤਾਲ, ਨਸਰਾਲੀ ਮੰਡੀ ਗੋਬਿੰਦਗੜ ਦੇ ਇੰਚਾਰਜ਼ ਡਾ. ਗੁਲਜ਼ਾਰ ਮੁਹੰਮਦ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।
ਮੰਡੀ ਗੋਬਿੰਦਗੜ ਤੋਂ ਕੁਲਦੀਪ ਸਿੰਘ ਸ਼ੁਤਰਾਣਾ ਅਨੁਸਾਰ ਵੈਟਰਨਰੀ ਡਾਕਟਰ ਗੁਲਜ਼ਾਰ ਮੁਹੰਮਦ ਨੇ ਕਿਹਾ ਕਿ ਜਿਥੇ ਹਸਪਤਾਲ ਲਿਆਂਦੇ ਗਏ ਬੀਮਾਰ ਪੱਸ਼ੂਆਂ ਅਤੇ ਜਾਨਵਰਾਂ ਦੇ ਇਲਾਜ਼ ਕਰਨ ਤੋਂ ਪਹਿਲਾਂ ਡਾਕਟਰ ਖੁੱਦ ਚੈਕਅੱਪ ਕਰਦੇ ਹਨ ਅਤੇ ਬੀਮਾਰ ਡੰਗਰ/ਪੱਸ਼ੂ ਦੇਖਣ ਅਤੇ ਗੱਲ ਘੋਟੂ ਦੇ ਟੀਕੇ ਲਾਉਣ ਲਈ ਵੀ ਡਾਕਟਰਾਂ ਨੂੰ ਪੱਸ਼ੂ ਪਾਲਕਾਂ ਦੇ ਘਰ ਘਰ ਜਾਣਾ ਪੈਂਦਾ ਹੈ।
ਪੱਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਕੋਰੋਨਾ ਮਹਾਂਮਾਰੀ ਦੇ ਦੋਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਿਥੇ ਆਪਣੀ ਡਿੳੂਟੀ ਬਾਖੂਬੀ ਨਿਭਾਅ ਰਹੇ ਹਨ, ਉਥੇ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਵੀ ਕਰ ਰਹੇ ਹਨ। ਵੈਟਰਨਰੀ ਡਾਕਟਰ ਡਾ. ਗੁਲਜ਼ਾਰ ਮੁਹੰਮਦ ਨੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੱਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਦਾ ਵੀ ਤੁਰੰਤ ਪੰਜਾਹ ਲੱਖ ਦਾ ਬੀਮਾ ਕਰਨ ਦਾ ਐਲਾਨ ਕਰੇ, ਤਾਂਕਿ ਇਸ ਵਿਭਾਗ ਦੇ ਮੁਲਾਜਮ ਜੋ ਆਪਣੇ ਆਪ ਨੂੰ ਅਣਦੇਖੀ ਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ। ਉਨਾਂ ਦੇ ਹੌਂਸਲੇ ਵੀ ਹੋਰ ਬੁਲੰਦ ਹੋ ਸਕਣ।