ਪਟਿਆਲਾ ਜਿ਼ਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ `ਚ ਅੱਜ ਬੁੱਧਵਾਰ ਸਵੇਰੇ ਦੋ ਲੁਟੇਰਿਆਂ ਨੇ ਬੈਂਕ `ਚੋਂ 50 ਲੱਖ ਰੁਪਏ ਲਏ। ਇਹ ਘਟਨਾ ਸਟੇਟ ਬੈਂਕ ਆਫ਼ ਇੰਡੀਆ ਦੀ ਨਾਭਾ ਸ਼ਾਖ਼ਾ `ਚ ਸਵੇਰੇ 11:15 ਵਜੇ ਵਾਪਰੀ। ਲੁਟੇਰਿਆਂ ਨੇ ਪਹਿਲਾਂ ਬੈਂਕ ਮੁਲਾਜ਼ਮਾਂ ਤੇ ਉੱਥੇ ਮੌਜੂਦ ਆਮ ਲੋਕਾਂ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ।
ਲੁਟੇਰਿਆਂ ਨੇ ਖ਼ਜ਼ਾਨਚੀ ਨੂੰ ਸਾਰੀ ਰਕਮ ਥੈਲੇ `ਚ ਰੱਖਣ ਲਈ ਕਿਹਾ । ਬੈਂਕ `ਚ ਤਾਇਨਾਤ ਸੁਰੱਖਿਆ ਗਾਰਡ ਪ੍ਰੇਮਚੰਦ ਨੇ ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਤੁਰੰਤ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ; ਜਿਸ ਦੀ ਬਾਅਦ `ਚ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। 50 ਲੱਖ ਰੁਪਏ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ।
ਪੁਲਿਸ ਨੇ ਨਾਭਾ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਨਾਕਾਬੰਦੀ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਇਲਾਕੇ `ਚ ਦਹਿਸ਼ਤ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਬੈਂਕ-ਸ਼ਾਖਾ `ਚ ਪੁੱਜੇ। ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ।
