[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]
ਰੁਪਿੰਦਰ ਗਾਂਧੀ
ਗੈਂਗਸਟਰ ਬਣਨ ਤੋਂ ਪਹਿਲਾਂ ਰੁਪਿੰਦਰ ਗਾਂਧੀ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਲਾਗਲੇ ਪਿੰਡ ਰਸੂਲੜਾ ’ਚ ਰਹਿੰਦਾ ਸੀ। ਉਹ 1990ਵਿਆਂ ਦੇ ਅੰਤ ਜਿਹੇ ’ਚ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਦਾ ਆਗੂ ਬਣਿਆ ਸੀ ਤੇ ਤਦ ਹੀ ਉਹ ਕਾਂਗਰਸ ਦੇ ਕੇਂਦਰੀ ਮੰਤਰੀ ਰਹਿ ਚੁੱਕੇ ਇੱਕ ਆਗੂ ਸਮੇਤ ਬਹੁਤ ਸਾਰੇ ਸਿਆਸੀ ਆਗੂਆਂ ਦੇ ਸੰਪਰਕ ਵਿੱਚ ਆਇਆ ਸੀ।
ਬਾਅਦ ’ਚ ਉਸ ਨੇ ‘ਗਾਂਧੀ ਗਰੁੱਪ ਸਟੂਡੈਂਟ ਯੂਨੀਅਨ’ (GGSU) ਵੀ ਬਣਾਈ ਸੀ; ਜੋ ਹਾਲੇ ਵੀ ਪੰਜਾਬ ਯੂਨੀਵਰਸਿਟੀ ’ਚ ਸਰਗਰਮ ਹੈ। ਉਸ ਵਿਰੁੱਧ ਕਤਲ ਤੇ ਫਿਰੌਤੀਆਂ ਵਸੂਲਣ ਜਿਹੇ ਅੱਠ ਤੋਂ ਵੀ ਵੱਧ ਮਾਮਲੇ ਦਰਜ ਸਨ। ਅਪਰਾਧ ਜਗਤ ’ਚ ਆਉਣ ਤੋਂ ਬਾਅਦ ਰੁਪਿੰਦਰ ਗਾਂਧੀ ਆਪਣੇ ਪਿੰਡ ਦਾ ਬਿਨਾ ਮੁਕਾਬਲਾ ਸਰਪੰਚ ਵੀ ਚੁਣਿਆ ਗਿਆ ਸੀ।
ਉਸ ਦਾ ਕਤਲ ਸਾਲ 2003 ਦੌਰਾਨ ਉਸ ਦੇ ਇੱਕ ਵਿਰੋਧੀ ਪਹਿਲਵਾਨ ਗੈਂਗ ਨੇ ਕਰ ਦਿੱਤਾ ਸੀ। ਬਾਅਦ ’ਚ ਉਸ ਦਾ ਭਰਾ ਮਨਿੰਦਰ ਸਿੰਘ, ਜਿਸ ਨੇ ਫਿਲ਼ਮ ‘ਰੁਪਿੰਦਰ ਗਾਂਧੀ – ਦਿ ਰੌਬਿਨਹੁੱਡ’ ਦਾ ਨਿਰਮਾਣ ਵੀ ਕੀਤਾ ਸੀ, ਦਾ ਕਤਲ ਵੀ ਇੱਕ ਵਿਰੋਧੀ ਗਿਰੋਹ ਵੱਲੋਂ ਕਰ ਦਿੱਤਾ ਗਿਆ ਸੀ।
ਗੁਰਮੀਤ ਸਿੰਘ ਕਾਲਾ ਧਨੌਲਾ
ਗੁਰਮੀਤ ਸਿੰਘ ਕਾਲਾ ਧਨੌਲਾ ਬਰਨਾਲ ਜ਼ਿਲ੍ਹੇ ਦੇ ਪਿੰਡ ਧਨੌਲਾ ਦਾ ਜੰਮਪਲ ਹੈ। ਉਸ ਨੇ ਵਪਾਰੀਆਂ ਤੋਂ ‘ਹਫ਼ਤਾ–ਵਸੂਲੀ’ ਦਾ ਰੁਝਾਨ ਸ਼ੁਰੂ ਕੀਤਾ ਸੀ। ਉਹ ਧਨੌਲਾ ਪਿੰਡ ਦਾ ਸਰਪੰਚ ਵੀ ਬਣਿਆ ਸੀ ਤੇ ਜਦੋਂ ਧਨੌਲਾ ਵਿੱਚ ਨਗਰ ਪੰਚਾਇਤ ਬਣੀ, ਤਾਂ ਉਹ ਕੌਂਸਲਰ ਵੀ ਬਣਿਆ ਸੀ।
ਸਾਲ 2009 ’ਚ ਗ੍ਰਿਫ਼ਤਾਰੀ ਤੱਕ ਉਸ ਨੂੰ ਅਕਸਰ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ ਉੱਤੇ ਵੇਖਿਆ ਜਾਂਦਾ ਸੀ। ਉਹ ਜ਼ਿਆਦਾਤਰ ਇਸ ਇਲਾਕੇ ਦੇ ਹਾਈ–ਪ੍ਰੋਫ਼ਾਈਲ ਸਿਆਸੀ ਪਰਿਵਾਰ ਦੇ ਮੰਚਾਂ ਉੱਤੇ ਦਿਸਦਾ ਸੀ। ਬਾਅਦ ’ਚ ਉਸ ਨੇ ਆਪਣੀ ਹਮਾਇਤ ਕਾਂਗਰਸ ਨੂੰ ਦੇ ਦਿੱਤੀ ਸੀ।