-- ਪੈਟਰੋਲ-ਡੀਜ਼ਲ `ਤੇ ਕੀਤੀ 5 ਰੁਪਏ ਵੈਟ` ਘਟਾਉਣ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਸੂਬੇ `ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕਰਨ ਲਈ ਦੋ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ। ਅਕਾਲੀ ਦਲ ਨੇ ਧਮਕੀ ਦਿੱਤੀ ਹੈ ਕਿ ਜੇ ਸੂਬਾ ਸਰਕਾਰ ਨੇ ਦੋ ਦਿਨਾਂ ਅੰਦਰ ‘ਵੈਟ` ਪੰਜ ਰੁਪਏ ਨਾ ਘਟਾਇਆ, ਤਾਂ ਵੱਡਾ ਅੰਦੋਲਨ ਛੇੜ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਵੀਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਢਾਈ-ਢਾਈ ਰੁਪਏ ਦੀ ਕਮੀ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ। ਦੇਸ਼ ਦੇ ਖ਼ਜ਼ਾਨਾ ਮੰਤਰੀ ਨੇ ਤੇਲ ਕੀਮਤਾਂ ਘਟਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਹੁਣ ਸੂਬਾ ਸਰਕਾਰਾਂ ਨੂੰ ਵੀ ਆਪੋ-ਆਪਣੇ ਪੱਧਰ `ਤੇ ਕੀਮਤਾਂ ਜ਼ਰੁਰ ਘਟਾਉਣੀਆਂ ਚਾਹੀਦੀਆਂ ਹਨ, ਤਾਂ ਜੋ ਆਮ ਜਨਤਾ ਨੂੰ ਕੁਝ ਰਾਹਤ ਮਿਲੇ।
ਅੱਜ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਤੇ ਉਸ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਮ ਜਨਤਾ, ਖ਼ਾਸ ਕਰ ਕੇ ਕਿਸਾਨਾਂ ਦੀ ਮੰਗ ਨੂੰ ਵੀ ਅੱਖੋਂ ਪ੍ਰੋਖੇ ਕਰ ਦਿੱਤਾ ਹੈ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਸ੍ਰੀ ਮਜੀਠੀਆ ਨੇ ਆਪਣੇ ਬਿਆਨ `ਚ ਕਿਹਾ ਹੈ ਕਿ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਐਲਾਨ ਕਰ ਚੁੱਕੇ ਸਨ ਕਿ ਉਨ੍ਹਾਂ ਦੀ ਸਰਕਾਰ ਸੂਬੇ `ਚ ਤੇਲ ਕੀਮਤਾਂ ਘਟਾਏਗੀ ਪਰ ਅਜਿਹਾ ਨਹੀਂ ਕੀਤਾ ਗਿਆ। ‘ਕੀ ਸ੍ਰੀ ਜਾਖੜ ਹੁਣ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀ ਰਿਹਾਇਸ਼ਗਾਹ ਅੱਗੇ ਧਰਨਾ ਦੇਣਗੇ?`
ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਆਖਿਆ ਹੈ ਕਿ ਤੇਲ `ਤੇ ਵੈਟ ਰਾਹੀਂ ਪੰਜਾਬ ਸਰਕਾਰ ਨੇ ਇੱਕ ਸਾਲ ਅੰਦਰ 5,800 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਹੁਣ ਆਮ ਜਨਤਾ ਨੂੰ ਵੀ ਉਸ ਮੁਨਾਫ਼ੇ ਦਾ ਕੁਝ ਲਾਭ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ।