ਅਗਲੀ ਕਹਾਣੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜੱਥੇਦਾਰ ਦੀ ਭਾਲ਼ ਜਾਰੀ, ਪਰ ਕੋਈ ਮੰਨਦਾ ਨਹੀਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜੱਥੇਦਾਰ ਦੀ ਭਾਲ਼ ਜਾਰੀ, ਪਰ ਕੋਈ ਮੰਨਦਾ ਨਹੀਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਕੁਝ ਸਿਹਤ ਕਾਰਨਾਂ ਕਰਕੇ ਸਿੱਖ ਕੌਮ ਦੇ ਇਸ ਸਰਬਉੱਚ ਅਹੁਦੇ ਤੋਂ ਛੇਤੀ ਅਸਤੀਫ਼ਾ ਦੇਣ ਦੇ ਸੰਕੇਤ ਦਿੱਤੇ ਹਨ। ਦਰਅਸਲ, ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਈਸ਼-ਨਿੰਦਾ ਦਾ ਭਾਗੀ ਬਣਨ ਵਾਲੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮੁੱਦੇ `ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਪਿਛਲੇ ਕਾਫ਼ੀ ਸਮੇਂ ਤੋਂ ਚੱਲਦੀ ਆ ਰਹੀ ਹੈ।


ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਕੁਝ ਠੀਕ ਨਹੀਂ ਚੱਲ ਰਹੀ; ਇਸੇ ਲਈ ਉਹ ਹੁਣ ਵੇਖਣਗੇ ਕਿ ਅਹੁਦਾ ਕਦੋਂ ਛੱਡਣਾ ਹੈ। ਉਨ੍ਹਾਂ ਕਿਹਾ,‘ਮੈਂ ਪਹਿਲਾਂ ਡਾਕਟਰ ਤੋਂ ਮੈਡੀਕਲ ਚੈੱਕਅਪ ਕਰਵਾਵਾਂਗਾ, ਫਿਰ ਅਸਤੀਫ਼ਾ ਦੇਣ ਬਾਰੇ ਫ਼ੈਸਲਾ ਲਵਾਂਗਾ।` ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਸਿਹਤ ਕਾਰਨਾਂ ਕਰਕੇ ਅਹੁਦੇ ਤੋਂ ਕਦੋਂ ਅਸਤੀਫ਼ਾ ਦੇਣ ਜਾ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਅਸਤੀਫ਼ੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।


ਇਸ ਮਾਮਲੇ `ਤੇ ਪੱਖ ਜਾਣਨ ਲਈ ਗਿਆਨੀ ਗੁਰਬਚਨ ਸਿੰਘ ਤਾਂ ਫ਼ੋਨ `ਤੇ ਉਪਲਬਧ ਨਹੀਂ ਹੋਏ ਪਰ ਉਨ੍ਹਾਂ ਦੇ ਨਿਜੀ ਸਹਾਇਕ (ਪੀਏ) ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜੱਥੇਦਾਰ ਦੀ ਸਿਹਤ ਠੀਕ ਨਹੀਂ ਚੱਲ ਰਹੀ। ਅਸਤੀਫ਼ੇ ਬਾਰੇ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਇਨਕਾਰ ਕੀਤਾ। ਉਨ੍ਹਾਂ ਨਾਲ ਹੀ ਇਹ ਸੰਕੇਤ ਵੀ ਦਿੱਤਾ ਕਿ ਜੱਥੇਦਾਰ ਆਪਣੇ ਅਸਤੀਫ਼ੇ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਸਿੱਖ ਜੱਥੇਬੰਦੀਆਂ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰਨਗੇ।


ਹੁਣ ਜਿਹੋ ਜਿਹੀਆਂ ਕਨਸੋਆਂ ਮਿਲ ਰਹੀਆਂ ਹਨ, ਉਸ ਤੋਂ ਇਹੋ ਲੱਗ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਅਗਲੇ ਕੁਝ ਦਿਨਾਂ ਅੰਦਰ ਅਸਤੀਫ਼ਾ ਦੇ ਸਕਦੇ ਹਨ। ਇਸ ਗੱਲ ਨੂੰ ਇਸ ਤੱਥ ਨਾਲ ਬਲ ਮਿਲਿਆ ਕਿ ਉਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਘਟਾ ਦਿੱਤੀਆਂ ਹਨ ਤੇ ਉਨ੍ਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਸਾਰੇ ਜੱਥੇਦਾਰਾਂ ਦੀ ਕੋਈ ਮੀਟਿੰਗ ਵੀ ਨਹੀਂ ਸੱਦੀ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 2007 `ਚ ਸਿੱਖ ਕੌਮ ਨੂੰ ਡੇਰਾ ਸਿਰਸਾ ਤੇ ਉਸ ਦੇ ਮੁਖੀ ਦਾ ਬਾਈਕਾਟ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਪਰ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਤੰਬਰ 2015 `ਚ ਡੇਰਾ ਮੁਖੀ ਨੂੰ ਮਾਫ਼ ਕਰ ਦਿੱਤਾ ਸੀ। ਉਹ ਕਦਮ ਕਾਫ਼ੀ ਮਹਿੰਗਾ ਪਿਆ ਕਿਉਂਕਿ ਸਿੱਖਾਂ ਨੇ ਇਸ ਦਾ ਬਹੁਤ ਬੁਰਾ ਮਨਾਇਆ। ਇਸੇ ਲਈ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਦੀ ਮੰਗ ਵੀ ਉੱਠੀ।


ਭਾਵੇਂ ਗਿਆਨੀ ਗੁਰਬਚਨ ਸਿੰਘ ਹੁਰਾਂ ਨੇ ਅਕਤੂਬਰ 2013 `ਚ ਹੀ ਮੁਆਫ਼ੀ ਦਾ ਉਹ ਫ਼ੈਸਲਾ ਵਾਪਸ ਲੈ ਲਿਆ ਸੀ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਸਿੱਖਾਂ ਨੇ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕੀਤਾ। ਇਹ ਮੁੱਦਾ ਸਗੋਂ ਪੰਜਾਬ ਦੇ ਧਾਰਮਿਕ ਤੇ ਸਿਆਸੀ ਦ੍ਰਿਸ਼ਾਂ `ਤੇ ਬਹੁਤ ਜਿ਼ਆਦਾ ਚੁੱਕਿਆਾ ਗਿਆ। ਇਸ ਸਾਰੇ ਘਟਨਾਕ੍ਰਮ `ਚ ਬਾਦਲ ਪਰਿਵਾਰ ਵੀ ਆ ਜੁੜਦਾ ਹੈ ਕਿਉਂਕਿ ਦੋਸ਼ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਪਿੱਛੇ ਬਾਦਲ ਪਰਿਵਾਰ ਦੀ ਭੂਮਿਕਾ ਵੀ ਰਹੀ ਸੀ।


ਸਿੱਖ ਜੱਥੇਬੰਦੀਆਂ ਦੇ ਨਾਲ-ਨਾਲ ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਦੀ ਮੰਗ ਰੱਖੀ ਸੀ।


ਹੁਣ ਚਰਚਾ ਤਾਂ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਹੁਣ ਸਿੱਖ ਧਾਰਮਿਕ  ਹਲਕਿਆਂ `ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਬਣਾਉਣ ਲਈ ਹੁਣ ਕਿਸੇ ਢੁਕਵੇਂ ਉਮੀਦਵਾਰ ਦੀ ਭਾਲ਼ ਕਰ ਰਹੀ ਹੈ; ਪਰ ਹਾਲੇ ਇਹ ਕੰਮ ਬਹੁਤ ਔਖਾ ਬਣ ਚੁੱਕਾ ਹੈ ਕਿਉਂਕਿ ਪੰਥ ਦੀਆਂ ਵਧੀਆ ਸਾਖ਼ ਵਾਲੀਆਂ ੱਧਾਰਮਿਕ ਸ਼ਖ਼ਸੀਅਤਾਂ ਹੁਣ ਜੱਥੇਦਾਰ ਬਣਨ ਲਈ ਤਿਆਰ ਨਹੀਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD leadership searching new Takht Jathedar