ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ: ਢੀਂਡਸਾ

ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ: ਢੀਂਡਸਾ

--  ‘ਭੁੱਲਾਂ ਬਖ਼ਸ਼ਾਉਣ` ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸੀਨੀਅਰ ਅਕਾਲੀ ਆਗੂ ਨੂੰ ਦਿੱਤਾ ਵੱਡਾ ਬਿਆਨ

--  ਲੀਡਰਸਿ਼ਪ `ਤੇ ਕੋਈ ਟਿੱਪਣੀ ਕਰਨ ਤੋਂ ਕੀਤਾ ਗੁਰੇਜ਼

 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਇੱਕ ਹਫ਼ਤਾ ਆਮ ਜਨਤਾ ਦੀਆਂ ਨਜ਼ਰਾਂ ਤੋਂ ਲਾਂਭੇ ਹੀ ਬਣੇ ਰਹੇ ਤੇ ਅੱਜ ਉਹ ਆਪਣੀਆਂ ‘ਭੁੱਲਾਂ ਬਖ਼ਸ਼ਾਉਣ` ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ।


ਪਤਾ ਲੱਗਾ ਹੈ ਕਿ ਸ੍ਰੀ ਢੀਂਡਸਾ ਹੁਣ ਮਹਾਰਾਸ਼ਟਰ `ਚ ਨਾਂਦੇੜ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਕੇ ਆਏ ਹਨ। ਅੱਜ ਉਹ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸਿ਼ਪ `ਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਹੀ ਕੀਤਾ। ਪਰ ਉਨ੍ਹਾਂ ਇਸ ਗੱਲ `ਤੇ ਜ਼ੋਰ ਜ਼ਰੂਰ ਦਿੱਤਾ ਕਿ ਹੁਣ ਇਸ ਪੜਾਅ `ਤੇ ਪਾਰਟੀ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਬਹੁਤ ਜਿ਼ਆਦਾ ਲੋੜ ਹੈ।


ਸ੍ਰੀ ਢੀਂਡਸਾ ਦੇ ਅੰਮ੍ਰਿਤਸਰ ਆਉਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਨੂੰ ਵੀ ਅਗਾਊਂ ਕੋਈ ਖ਼ਬਰ ਨਹੀਂ ਸੀ। ਸ੍ਰੀ ਢੀਂਡਸਾ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵੇਂ ਅਸਥਾਨਾਂ `ਤੇ ਮੱਥਾ ਟੇਕਿਆ।


ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ,‘ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਆਉਣਾ ਚਾਹ ਰਿਹਾ ਸਾਂ ਪਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਸੀ। ਮੈਂ ਵਾਹਿਗੁਰੂ ਤੋਂ ਆਸ਼ੀਰਵਾਦ ਲਿਆ ਹੈ। ਮੈਂ ਗੁਰੂ ਤੋਂ ਆਪਣੀਆਂ ਭੁੱਲਾਂ ਬਖ਼ਸ਼ਾਉਣ ਲਈ ਪੁੱਜਾ ਹਾਂ। ਮੈਂ ਚੰਗੀ ਸਿਹਤ ਲਈ ਵੀ ਅਰਦਾਸ ਕੀਤੀ ਹੈ।`


ਪੱਤਰਕਾਰਾਂ ਨੇ ਅਕਾਲੀ ਦਲ `ਚ ਇਸ ਵੇਲੇ ਚੱਲ ਰਹੇ ਸੰਕਟ ਬਾਰੇ ਕਈ ਸੁਆਲ ਕੀਤੇ ਪਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਅਜਿਹੇ ਕਿਸੇ ਸੁਆਲ ਦਾ ਕੋਈ ਜੁਆਬ ਨਹੀਂ ਦਿੱਤਾ ਅਤੇ ਪਾਰਟੀ ਹਾਈ ਕਮਾਂਡ `ਤੇ ਵੀ ਕੋਈ ਟਿੱਪਣੀ ਨਹੀਂ ਕੀਤੀ।


ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਮਝੇ ਜਾਂਦੇ ਸ੍ਰੀ ਢੀਂਡਸਾ ਨੇ ਕਿਹਾ,‘ਮੈਂ ਜੋ ਕੁਝ ਵੀ ਆਖਣਾ ਸੀ, ਆਪਣੇ ਅਸਤੀਫ਼ੇ `ਚ ਵੀ ਆਖ ਚੁੱਕਾ ਹਾਂ। ਮੈਂ ਪਾਰਟੀ ਬਾਰੇ ਜਾਂ ਹੋਰ ਕਿਸੇ ਬਾਰੇ ਕੁਝ ਨਹੀਂ ਕਹਾਂਗਾ। ਪਾਰਟੀ ਨੂੰ ਹੁਣ ਇਸ ਵੇਲੇ ਆਤਮ-ਮੰਥਨ ਕਰਨ ਦੀ ਜ਼ਰੂਰਤ ਹੈ।`


ਮਾਝੇ ਦੇ ਤਿੰਨ ਆਗੂਆਂ - ਲੋਕ ਸਭਾ ਦੇ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਲਏ ਸਟੈਂਡ ਬਾਰੇ ਵੀ ਸ੍ਰੀ ਢੀਂਡਸਾ ਨੇ ਕੁਝ ਨਹੀਂ ਆਖਿਆ। 


ਬਰਗਾੜੀ `ਚ ਚੱਲ ਰਹੇ ਧਰਨੇ `ਚ ਉੱਠ ਰਹੀਆਂ ਮੰਗਾਂ ਬਾਰੇ ਸ੍ਰੀ ਢੀਂਡਸਾ ਨੇ ਆਖਿਆ,‘ਇਹ ਸਿਰਫ਼ ਉਨ੍ਹਾਂ ਦੀ ਹੀ ਮੰਗ ਨਹੀਂ ਹੈ। ਇਹ ਸਮੁੱਚੇ ਪੰਥ ਦੀ ਮੰਗ ਹੈ। ਸ਼੍ਰੋਮਣੀ ਅਕਾਲੀ ਦਲ ਵੀ ਇਹੋ ਚਾਹੁੰਦਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਸਜ਼ਾਵਾਂ ਮਿਲਣ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD needs introspection says SS Dhindsa