ਖਡੂਰ ਸਾਹਿਬ ਸੰਸਦੀ ਹਲਕਾ 1977 ਤੋਂ ਲੈ ਕੇ ਹੁਣ ਤੱਕ ਸਦਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਕਿਉਂਕਿ 1992 ਨੂੰ ਛੱਡ ਕੇ ਇੱਥੋਂ ਹਮੇਸ਼ਾ ਪੰਥਕ ਪਾਰਟੀ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ। 1992 ’ਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਪਰ ਇਸ ਵਾਰ ਮੁਕਾਬਲਾ ਬਹੁਤ ਭਖਵਾਂ ਤੇ ਫਸਵਾਂ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਹਲਕੇ ਦੇ ਮੌਜੂਦਾ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਉਨ੍ਹਾਂ ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਲਈ ਹੈ।
ਇਸ ਹਲਕੇ ਦਾ ਨਾਂਅ ਪਹਿਲਾਂ ਤਰਨ ਤਾਰਨ ਸੀ, ਜਿਸ ਨੂੰ ਸਾਲ 2008 ਦੌਰਾਨ ਬਦਲ ਕੇ ਖਡੂਰ ਸਾਹਿਬ ਕਰ ਦਿੱਤਾ ਗਿਆ ਸੀ। ਦਰਅਸਲ, ਇਹ ਪਿੰਡ ਇਸ ਲਈ ਇਤਿਹਾਸਕ ਹੈ ਕਿਉਂਕਿ ਇੱਥੇ ਦੂਜੇ ਸਿੱਖ ਗੁਰੂ ਅੰਗਦ ਦੇਵ ਜੀ 13 ਵਰ੍ਹੇ ਰਹੇ ਸਨ।
ਪਿਛਲੀਆਂ ਚੋਣਾਂ ਦੌਰਾਨ, ਕਾਂਗਰਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਗੜ੍ਹ ਤੋੜਨ ਦਾ ਬਹੁਤ ਜਤਨ ਕੀਤਾ ਸੀ ਪਰ ਉਹ ਸਫ਼ਲ ਨਹੀਂ ਹੋ ਸਕੀ ਸੀ। ਸਾਲ 2009 ਦੌਰਾਨ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਇਸੇ ਹਲਕੇ ਤੋਂ ਉਮੀਦਵਾਰ ਸਨ ਪਰ ਤਦ ਉਹ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਹੁਰਾਂ ਨੇ ਉਨ੍ਹਾਂ ਨੂੰ 32,260 ਵੋਟਾਂ ਦੇ ਵੱਡੇ ਫ਼ਰਕ ਨਾਲਹਰਾ ਦਿੱਤਾ ਸੀ। ਹੁਣ ਸ੍ਰੀ ਅਜਨਾਲਾ ਟਕਸਾਲੀ ਅਕਾਲੀ ਦਲ ਵਿੱਚ ਹਨ।
ਪਿਛਲੀਆਂ ਸਾਲ 2014 ਦੀਆਂ ਚੋਣਾਂ ਦੌਰਾਨ ‘ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ’ (AISSF) ਦੇ ਹਰਮਿੰਦਰ ਸਿੰਘ ਗਿੱਲ, ਜਿਨ੍ਹਾਂ ਨੇ ਆਪਰੇਸ਼ਨ ਬਲੂ–ਸਟਾਰ ਦੌਰਾਨ ਜੋਧਪੁਰ (ਰਾਜਸਥਾਨ) ਦੀ ਜੇਲ੍ਹ ਵਿੱਚ ਦੋ ਸਾਲ ਬਿਤਾਏ ਸਨ, ਨੂੰ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਹੱਥੋਂ 1 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ।
ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਹੀ ਹਾਲੇ ਤੱਕ ਤਾਂ ਅਕਾਲੀ ਦਲ ਦਾ ਉਮੀਦਵਾਰ ਸਮਝਿਆ ਜਾ ਰਿਹਾ ਹੈ ਤੇ ਉਹ ਇਸ ਵੇਲੇ ਖ਼ਾਸ ਕਰਕੇ ਪਾਰਟੀ ਦੇ ਉਨ੍ਹਾਂ ਕਾਰਕੁੰਨਾਂ ਤੇ ਸਥਾਨਕ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਨ੍ਹਾਂ ਦੇ ਟਕਸਾਲੀ ਅਕਾਲੀ ਆਗੂਆਂ ਨਾਲ ਜਾਣ ਦੀਆਂ ਸੰਭਾਵਨਾਵਾਂ ਹਨ। ਸ੍ਰੀ ਵਲਟੋਹਾ ਨੇ ਕਿਹਾ,‘ਮੈਂ ਲੋਕ ਸਭਾ ਚੋਣ ਲੜਨ ਦਾ ਚਾਹਵਾਨ ਨਹੀਂ ਹਾਂ। ਮੈਂ ਆਪਣੇ ਹਲਕੇ ਖੇਮਕਰਨ ਦੀ ਹੀ ਸੇਵਾ ਕਰਨੀ ਚਾਹੁੰਦਾ ਹਾਂ। ਜੇ ਪਾਰਟੀ ਨੇ ਮੈਨੂੰ ਸੰਸਦੀ ਚੋਣ ਲੜਨ ਲਈ ਆਖਿਆ, ਤਾਂ ਮੈਂ ਉਸ ਬਾਰੇ ਫ਼ੈਸਲਾ ਲਵਾਂਗਾ।’
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀਮਤੀ ਜਗਦੀਸ਼ ਕੌਰ ਨੂੰ ਵੀ ਖਡੂਰ ਸਾਹਿਬ ਤੋਂ ਆਪਣੀ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਇਹ ਸ੍ਰੀਮਤੀ ਜਗਦੀਸ਼ ਕੌਰ ਹੀ ਸਨ, ਜਿਨ੍ਹਾਂ ਦੀ ਸ਼ਿਕਾਇਤ ਕਾਰਨ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ ਵਿੱਚ ਉਮਰ–ਕੈਦ ਦੀ ਸਜ਼ਾ ਸੰਭਵ ਹੋ ਸਕੀ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ ਦੀ ਵਾਰਦਾਤ ਵਾਪਰਨ ਕਾਰਨ ਪਾਰਟੀ ਨੂੰ ਜਿਹੜਾ ਖੋਰਾ ਲੱਗਿਆ ਹੈ, ਉਹ ਸ੍ਰੀਮਤੀ ਜਗਦੀਸ਼ ਕੌਰ ਦੀ ਉਮੀਦਵਾਰੀ ਨਾਲ ਕੁਝ ਹੱਦ ਤੱਕ ਦੂਰ ਹੋਵੇਗਾ।
ਉੱਧਰ ਸ੍ਰੀਮਤੀ ਜਗਦੀਸ਼ ਕੌਰ ਨੇ ਆਖ ਦਿੱਤਾ ਹੈ ਕਿ ਉਨ੍ਹਾਂ ਨੂੰ ਚੋਣਾਂ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸੇ ਮੁੱਦੇ ਨੂੰ ਲੈ ਕੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ।
ਖਡੂਰ ਸਾਹਿਬ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਤੀਜੇ ਸੰਭਾਵੀ ਉਮੀਦਵਾਰ ਵਜੋਂ ਸਾਬਕਾ ਮੰਤਰੀ ਹਰੀ ਸਿੰਘ ਜ਼ੀਰਾ ਦਾ ਨਾਂਅ ਲਿਆ ਜਾ ਰਿਹਾ ਹੈ। ਉਨ੍ਹਾਂ ਦਾ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਂਦੇ ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਵੱਡਾ ਆਧਾਰ ਹੈ। ਜੇ ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ, ਤਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਤੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਧੀ ਪ੍ਰਨੀਤ ਕੌਰ ਨੂੰ ਵੀ ਖਡੂਰ ਸਾਹਿਬ ਸੰਸਦੀ ਹਲਕੇ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਇਸੇ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਤੇ ਸਾਬਕਾ ਅਕਾਲੀ ਆਗੂ ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੁੱਤਰ ਤੇ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੀ ਖਡੂਰ ਸਾਹਿਬ ਹਲਕੇ ਲਈ ਟਿਕਟ ਲੈਣ ਦੀ ਦੌੜ ਵਿੱਚ ਸ਼ਾਮਲ ਹਨ।
ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਵੀ ਇਸ ਦੌੜ ਵਿੱਚ ਹਨ। ਉਨ੍ਹਾਂ ਦੇ ਨਾਲ–ਨਾਲ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਬਕਾ ਪਾਰਟੀ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਗੂ ਰਣਜੀਤ ਸਿੰਘ ਬ੍ਰਹਮਪੁਰਾ ਭਵਿੱਖ ਵਿੱਚ ਕੋਈ ਵੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ ਪਰ ਉਹ ਆਪਣੇ ਪੁੱਤਰ ਰਵਿੰਦਰ ਸਿੰਘ ਨੂੰ ਜ਼ਰੂਰ ਉਮੀਦਵਾਰ ਬਣਾਉਣਾ ਚਾਹੁਣਗੇ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਈ ਬਲਦੀਪ ਸਿੰਘ ਤੀਜੇ ਸਥਾਨ ’ਤੇ ਰਹੇ ਸਨ ਤੇ ਐਤਕੀਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ‘ਆਪ’ ਦੇ ਉਮੀਦਵਾਰ ਹੋ ਸਕਦੇ ਹਨ।