ਸੂਬੇ ਵਿਚ ਚਬਾਉਣ ਵਾਲੇ ਫਲੇਵਰਡ ਤਮਾਕੂ ਨਾਲ ਪਾਨ ਮਸਾਲੇ ਦੀ ਗ਼ੈਰ-ਕਾਨੂੰਨੀ ਵਿਕਰੀ ਦਾ ਨੋਟਿਸ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗ਼ੈਰ-ਕਾਨੂੰਨੀ ਤਮਾਕੂ ਦੀ ਵਿਕਰੀ ਵਿੱਚ ਸ਼ਾਮਲ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਅੱਜ ਫੂਡ ਸੇਫਟੀ ਤੇ ਹੋਰ ਭਾਈਵਾਲ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਸੂਬੇ ਵਿੱਚ ਤਮਾਕੂ ਦੀ ਵਰਤੋਂ ‘ਤੇ ਰੋਕ ਲਗਾਉਣ ਅਤੇ ਤਮਾਕੂ ਵਿਰੁੱਧ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਿਵਲ ਸਕੱਤਰੇਤ-2 ‘ਚ ਸਥਿਤ ਕਮੇਟੀ ਰੂਮ ਵਿੱਚ ਸਟੇਟ ਲੈਵਲ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਉਤਪਾਦਕ ਪਾਨ ਮਸਾਲਾ (ਤੰਬਾਕੂ ਰਹਿਤ) ਦੇ ਨਾਲ ਫਲੇਵਰਡ ਚਬਾਉਣ ਵਾਲੇ ਤੰਬਾਕੂ ਨੂੰ ਵੱਖਰੇ ਪੈਕੇਟ ਵਿੱਚ ਵੇਚਦੇ ਹਨ, ਇਹ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਇੱਕੋ ਹੀ ਵਿਕਰੇਤਾ ਵਲੋਂ ਜਾਨ ਬੁੱਝ ਕੇ ਇਹਨਾਂ ਨੂੰ ਸਾਂਝੇ ਰੂਪ ਵਿਚ ਵੇਚਿਆਂ ਜਾਂਦਾ ਹੈ ਤਾਂ ਜੋ ਗਾਹਕ ਪਾਨ ਮਸਾਲਾ ਦੇ ਨਾਲ ਫਲੇਵਰਡ ਚਬਾਉਣ ਵਾਲੇ ਤਮਾਕੂ ਖ਼ਰੀਦ ਸਕਣ।
ਉਹਨਾਂ ਦੱਸਿਆ ਕਿ ਅਜਿਹੇ ਪਦਾਰਥਾਂ ਦੀ ਵਿਕਰੀ ਪੰਜਾਬ ਵਿੱਚ ਪੂਰੀ ਤਰਾਂ ਪਾਬੰਦੀਸ਼ੁਦਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਂਟੀ-ਤੰਬਾਕੂ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।