ਲੁਧਿਆਣਾ ਦੀ ਇੱਕ ਅਦਾਲਤ ਨੇ 45 ਸਾਲਾਂ ਦੇ ਉਸ ਅਧਿਆਪਕ ਨੂੰ 7 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਉੱਤੇ ਨਾਬਾਲਗ਼ ਬੱਚੇ ਨਾਲ ਬਦਫੈਲੀ ਦਾ ਦੋਸ਼ ਸੀ। ਬੱਚੇ ਨੂੰ ਟਿਊਸ਼ਨ ਪੜ੍ਹਾਉਣ ਵਾਲੇ ਸਮਰਾਲਾ ਦੇ ਅਧਿਆਪਕ ਰਾਜੇਸ਼ ਕੁਮਾਰ ਸਿੰਗਲਾ ਨੂੰ ਇਹ ਸਜ਼ਾ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਨ ਤਾਰਨ ਸਿੰਘ ਬਿੰਦਰਾ ਨੇ ਸੁਣਾਈ ਹੈ।
ਅਦਾਲਤ ਨੇ ਦੋਸ਼ੀ ਨੂੰ 50,000 ਰੁਪਏ ਜੁਰਮਾਨਾ ਵੀ ਕੀਤਾ ਹੈ। ਦੋਸ਼ੀ ਉੱਤੇ ਬੱਚੇ ਨੂੰ ਡਰਾਉਣ–ਧਮਕਾਉਣ ਦੇ ਵੀ ਦੋਸ਼ ਸਨ। ਬੱਚੇ ਦੇ ਪਿਤਾ ਨੇ ਅਕਤੂਬਰ 2016 ’ਚ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਅਧਿਆਪਕ ਰਾਜੇਸ਼ ਕੁਮਾਰ ਸਿੰਗਲਾ ਕੋਲ ਉਨ੍ਹਾਂ ਦਾ (ਉਦੋਂ) 7ਵੀਂ ਜਮਾਤ ’ਚ ਪੜ੍ਹਦਾ ਬੱਚਾ ਟਿਊਸ਼ਨ ਪੜ੍ਹਦਾ ਸੀ।
ਉਸੇ ਸ਼ਿਕਾਇਤ ਮੁਤਾਬਕ ਅਧਿਆਪਕ ਨੇ ਕਥਿਤ ਤੌਰ ’ਤੇ ਬੱਚੇ ਨੂੰ ਕੁਝ ਅਸ਼ਲੀਲ ਫ਼ਿਲਮਾਂ ਵਿਖਾ ਕੇ ਉਸ ਨਾਲ ਬਦਫੈਲੀ ਕੀਤੀ ਸੀ। ਉਸ ਨੇ ਬੱਚੇ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।
ਬੱਚੇ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਸਮਰਾਲਾ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਸੀ; ਤਦ ਉਹ ਖੰਨਾ ਦੇ ਐੱਸਐੱਸਪੀ ਕੋਲ ਪੁੱਜੇ ਸਨ ਤੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਵਾਏ ਸਨ।
ਫਿਰ 14 ਜੂਨ, 2017 ਨੂੰ ਦੋਸ਼ੀ ਵਿਰੁੱਧ ਐੱਫ਼ਆਈਆਰ ਦਾਇਰ ਕੀਤੀ ਗਈ ਸੀ। ਉਸ ਤੋਂ ਬਾਅਦ ਬੱਚੇ ਦੇ ਬਿਆਨ ਰਿਕਾਰਡ ਕੀਤੇ ਗਏ ਸਨ।
ਪਿਤਾ ਨੇ ਇਹ ਵੀ ਦੋਸ਼ ਲਾਇਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪੁੱਤਰ ਨੂੰ ਸਰੇਆਮ ਧਮਕੀਆਂ ਦਿੱਤੀਆਂ ਸਨ ਤੇ ਆਧਿਆਪਕ ਸਿੰਗਲਾ ਨੇ ਉਨ੍ਹਾਂ ਵਿਰੁੱਧ ਪੁਲਿਸ ਕੋਲ ਝੂਠੀ ਸ਼ਿਕਾਇਤ ਵੀ ਦਿੱਤੀ ਸੀ।