ਅਗਲੀ ਕਹਾਣੀ

ਸਨੌਰ ਤਸ਼ੱਦਦ ਕਾਂਡ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਗੰਭੀਰ ਨੋਟਿਸ, 4 ਮੈਂਬਰੀ ਜਾਂਚ ਕਮੇਟੀ ਕਾਇਮ

ਸਨੌਰ ਤਸ਼ੱਦਦ ਕਾਂਡ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਗੰਭੀਰ ਨੋਟਿਸ, 4 ਮੈਂਬਰੀ ਜਾਂਚ ਕਮੇਟੀ ਕਾਇਮ

ਸਨੌਰ ਥਾਣੇ ਦੇ ਇੱਕ ਏਐੱਸਆਈ ਵੱਲੋਂ ਸੱਤ ਨੌਜਵਾਨਾਂ `ਤੇ ਬਿਨਾ ਵਜ੍ਹਾ ਢਾਹੇ ਗਏ ਤਸ਼ੱਦਦ ਦਾ ਮਾਮਲਾ ਇੰਨਾ ਜਿ਼ਆਦਾ ਭਖ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸ ਦਾ ਬੇਹੱਦ ਗੰਭੀਰ ਨੋਟਿਸ ਲੈਂਦਿਆਂ ਇਸ ਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ।


ਵੀਰਵਾਰ ਨੂੰ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਲੀਡਰਸਿ਼ਪ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜ਼ਖ਼ਮੀ ਅਮਨਦੀਪ ਸਿੰਘ ਦਾ ਹਾਲਚਾਲ ਪੁੱਛਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜੇ।


ਜੱਥੇਦਾਰ ਸਾਹਿਬ ਨੇ ਹਸਪਤਾਲ `ਚ ਹੀ ਇਸ ਮਾਮਲੇ ਦੀ ਜਾਂਚ ਲਈ ਚਾਰ-ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ। ਉੱਧਰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਪਹਿਲਾਂ ਹੀ ਇਸ ਮਾਮਲੇ ਦੀ ਮੈਜਿਸਟ੍ਰੇਟ ਤੋਂ ਜਾਂਚ ਕਰਵਾਉਣ ਦਾ ਹੁਕਮ ਜਾਰੀ ਕਰ ਚੁੱਕੇ ਹਨ।


ਵਿਧਾਇਕ ਚੰਦੂਮਾਜਰਾ ਨੇ ਇਸ ਤੋਂ ਵੀ ਇੱਕ ਕਦਮ ਅਗਾਂਹ ਜਾਂਦਿਆਂ 11 ਅਗਸਤ ਨੁੰ ਸਨੌਰ ਬੰਦ ਦਾ ਸੱਦਾ ਦੇ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ਗਾਹ ਅੱਗੇ ਉਸੇ ਦਿਨ ਭਾਵ ਸਨਿੱਚਰਵਾਰ ਨੂੰ ਇੱਕ ਰੋਸ ਰੈਲੀ ਵੀ ਕੀਤੀ ਜਾਵੇਗੀ। ਅੱਜ ਵੀਰਵਾਰ ਨੂੰ ਸਨੌਰ ਦੇ ਪੁਲਿਸ ਥਾਣੇ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ ਗਿਆ।


ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹਾ ਜਬਰ ਤੇ ਜ਼ੁਲਮ ਕਿਸੇ ਹਾਲਤ `ਚ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸੱਤੇ ਮੁੰਡਿਆਂ ਨੂੰ ਕੁੱਟਣ ਵਾਲਿਆਂ `ਚ ਇਕੱਲਾ ਏਐੱਸਆਈ ਨਰਿੰਦਰ ਸਿੰਘ ਹੀ ਸ਼ਾਮਲ ਨਹੀਂ ਸੀ, ਹੋਰ ਵੀ ਅਧਿਕਾਰੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਸਾਰਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।


ਇਸ ਦੌਰਾਨ ਅਮਨਦੀਪ ਸਿੰਘ ਦੀ ਮੈਡੀਕਲ ਰਿਪੋਰਟ ਦੀ ਜਾਂਚ ਕਰਨ ਵਾਲੇ ਇੱਕ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਆਖਿਆ,‘ਉਹ ਮੁੰਡਾ ਬਿਲਕੁਲ ਠੀਕ ਹੈ ਤੇ ਉਸ ਨੂੰ ਅੱਜ ਸਵੇਰੇ ਹਸਪਤਾਲ ਤੋਂ ਛੁੱਟੀ ਮਿਲ ਜਾਣੀ ਸੀ ਪਰ ਉਸ ਨੇ ਜ਼ੋਰ ਦਿੱਤਾ ਕਿ ਉਹ ਹਾਲੇ ਇੱਥੇ ਹੀ ਰਹੇਗਾ। ਬਾਅਦ `ਚ ਇੱਥੇ ਸਿਆਸੀ ਆਗੂਆਂ ਨੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸਾਰੀ ਸਿਆਸਤ ਹੈ। ਮਰੀਜ਼ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਨਾ ਹੀ ਕਿਤੇ ਕੋਈ ਸੈਕਸੁਅਲ ਹਮਲਾ ਹੋਇਆ ਹੈ।`


ਪੀੜਤ ਲੜਕੇ ਦੀ ਮਾਂ ਦੋਸ਼ੀਆਂ ਨੂੰ ਸਜ਼ਾਵਾਂ ਦੇ ਨਾਲ-ਨਾਲ ਸਰਕਾਰੀ ਨੌਕਰੀ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੀ ਹੈ।


ਉੱਧਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਕਿਹਾ,‘ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ ਪਰ ਇਸ ਮੁੱਦੇ `ਤੇ ਹੋ ਰਹੀ ਸਿਆਸਤ ਵਧੇਰੇ ਨਿਖੇਧੀਯੋਗ ਹੈ। ਚੰਦੂਮਾਜਰਾ ਦਾ ਪਰਿਵਾਰ ਆਪਣੇ ਸੌੜੇ ਸਿਆਸੀ ਹਿਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਦੀਆਂ ਅਜਿਹੀਆਂ ਗੱਲਾਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜੱਥੇਦਾਰ ਕਦੇ ਬਰਗਾੜੀ ਕਿਉ਼ ਨਹੀਂ ਗਏ, ਜਿੱਥੇ ਬੇਅਦਬੀ ਕਾਂਡ ਦੇ ਸਿੱਖ ਮੁਜ਼ਾਹਰਾਕਾਰੀ ਮਾਰੇ ਗਏ ਸਨ। ਪੁਲਿਸ ਨੇ ਗ਼ਲਤੀ ਕਰਨ ਵਾਲੇ ਏਐੱਸਆਈ ਖਿ਼ਲਾਫ਼ ਐੱਫ਼ਆਈਆਰ ਦਾਇਰ ਕਰ ਲਈ ਹੈ ਤੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਵੀ ਹੋ ਗਏ ਹਨ। ਇੱਥੇ ਚੰਦੂਮਾਜਰਾ ਨੁੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਬਰਗਾੜੀ `ਚ ਸਿੱਖਾਂ `ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖਿ਼ਲਾਫ਼ ਐੱਫ਼ਆਈਆਰ ਕਿਉਂ ਦਾਇਰ ਨਹੀਂ ਕੀਤੀ ਗਈ ਸੀ?`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanaur torture sri akal takht sahib took serious note