ਪੰਜਾਬ ਵਿੱਚ ਰੇਤ ਮਾਫ਼ੀਆ ਦੇ ਗੁੰਡਿਆਂ ਦੇ ਹੌਸਲੇ ਅੱਜ–ਕੱਲ੍ਹ ਬਹੁਤ ਜ਼ਿਆਦਾ ਖੁੱਲ੍ਹ ਗਏ ਹਨ। ਸ਼ਾਰਟ–ਕੱਟ ਰਾਹੀਂ ਧਨ ਕਮਾਉਣ ਦੇ ਲਾਲਚ ਵਿੱਚ ਇਹ ਗੁੰਡੇ ਉਦੋਂ ਤੁਰੰਤ ਹਮਲਾ ਕਰਨ ਲੱਗਦੇ ਹਨ, ਜਦੋਂ ਵੀ ਕਦੇ ਉਨ੍ਹਾਂ ਦਾ ਭਾਂਡਾ ਚੌਰਾਹੇ ਭੱਜਣ ਲੱਗਦਾ ਹੈ ਤੇ ਜਾਂ ਜਦੋਂ ਕਦੇ ਸਮੇਂ–ਸਮੇਂ ਦੀਆਂ ਸਰਕਾਰਾਂ ਕਾਨੂੰਨ ਦਾ ਸ਼ਿਕੰਜਾ ਕੱਸਣ ਲੱਗਦੀਆਂ ਹਨ।
ਰੇਤ ਮਾਫ਼ੀਆ ਨਾਲ ਜੁੜੇ ਗੁੰਡਿਆਂ ਨੇ ਅਜਨਾਲਾ ਲਾਗੇ ਇੱਕ ਕਿਸਾਨ ਦੇ ਘਰ ਉੱਤੇ ਸਿਰਫ਼ ਇਸ ਲਈ ਹਮਲਾ ਕਰ ਦਿੱਤਾ ਕਿਉਂਕਿ ਇਸ ਕਿਸਾਨ ਪਰਿਵਾਰ ਨੇ ਮੀਡੀਆ ਸਾਹਵੇਂ ਰੇਤੇ ਦੀ ਗ਼ੈਰ–ਕਾਨੂੰਨੀ ਪੁਟਾਈ (ਮਾਈਨਿੰਗ) ਦਾ ਮਾਮਲਾ ਉਠਾਇਆ ਸੀ। ਰਾਵੀ ਦਰਿਆ ਇਸ ਪਿੰਡ ਦੇ ਨੇੜਿਓਂ ਲੰਘਦਾ ਹੈ ਤੇ ਰੇਤੇ ਦੀ ਨਾਜਾਇਜ਼ ਪੁਟਾਈ ਰਾਵੀ ’ਚ ਹੀ ਚੱਲਦੀ ਰਹੀ ਦੱਸੀ ਜਾਂਦੀ ਹੈ।
ਗੁੰਡਿਆਂ ਨੇ ਇਸ ਹਮਲੇ ਦੌਰਾਨ ਇੱਕ ਔਰਤ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਦੇ ਘਰ ਦੀ ਤੋੜ–ਭੰਨ ਕੀਤੀ। ਗੁੰਡਿਆਂ ਲੇ ਘਰ ਉੱਤੇ ਪਥਰਾਅ ਕੀਤਾ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਉਨ੍ਹਾਂ ਔਰਤ ਦੀਆਂ ਟੰਗਾਂ ਉੱਤੇ ਵਾਰ ਕੀਤੇ।
ਦਰਅਸਲ, ਇਹ ਹਮਲਾ ਉਦੋਂ ਹੋਇਆ, ਜਦੋਂ ਅਜਨਾਲਾ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਪੀੜਤ ਲੋਕਾਂ ਨਾਲ ਗ਼ੈਰ–ਕਾਨੂੰਨੀ ਰੇਤੇ ਦੀ ਪੁਟਾਈ ਵਾਲੀ ਥਾਂ ਪੁੱਜੇ। ਉਹ ਸਾਰੇ ਇਸ ਗ਼ੈਰ–ਕਾਨੂੰਨੀ ਪੁਟਾਈ ਦਾ ਵਿਰੋਧ ਕਰ ਰਹੇ ਸਨ।