ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਸੰਗਰੂਰ ਦੇ ਬਜ਼ੁਰਗ ਨੇ ਭਗਵੰਤ ਮਾਨ ਨੂੰ ਕਰ ਦਿੱਤਾ ਹੈਰਾਨ–ਪਰੇਸ਼ਾਨ

…ਜਦੋਂ ਸੰਗਰੂਰ ਦੇ ਬਜ਼ੁਰਗ ਨੇ ਭਗਵੰਤ ਮਾਨ ਨੂੰ ਕਰ ਦਿੱਤਾ ਹੈਰਾਨ–ਪਰੇਸ਼ਾਨ

ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਸਨਿੱਚਰਵਾਰ ਸ਼ਾਮੀਂ ਜਦੋਂ ਆਪਣੇ ਹਲਕੇ ਦੇ ਪਿੰਡ ਰੇਤਗੜ੍ਹ ‘ਚ ਆਮ ਲੋਕਾਂ ਨੂੰ ਮਿਲ ਰਹੇ ਸਨ; ਤਦ ਉਹ ਉਸ ਵੇਲੇ ਕੁਝ ਹੈਰਾਨ ਤੇ ਪਰੇਸ਼ਾਨ ਹੋ ਗਏ, ਜਦੋਂ ਇੱਕ ਬਜ਼ੁਰਗ ਨੇ ਆ ਕੇ ਉਨ੍ਹਾਂ ਦੇ ਹੱਥ ਵਿੱਚ ਇੱਕ ਬੋਤਲ ਫੜਾ ਦਿੱਤੀ। ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਭਗਵੰਤ ਮਾਨ ਦੇ ‘ਸ਼ਰਾਬ ਪੀਣ’ ਦੀ ਆਦਤ ਕਾਰਨ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਆਲੋਚਨਾ ਸਿਆਸੀ ਰੈਲੀਆਂ ਤੋਂ ਲੈ ਕੇ ਸੰਸਦ ਤੱਕ ਕਰਦੇ ਰਹੇ ਹਨ।

 

 

ਬਜ਼ੁਰਗ ਵੱਲੋਂ ਫੜਾਈ ਬੋਤਲ ਵੇਖ ਕੇ ਪਹਿਲਾਂ ਤਾਂ ਭਗਵੰਤ ਮਾਨ ਪਰੇਸ਼ਾਨ ਹੋਏ ਪਰ ਜਦੋਂ ਉਨ੍ਹਾਂ ਨੇ ਧਿਆਨ ਨਾਲ ਵੇਖਿਆ ਕਿ ਉਸ ਬੋਤਲ ਵਿੱਚ ਤਾਂ ਸ਼ਰਾਬ ਨਹੀਂ, ਸਗੋਂ ਦੇਸੀ ਘਿਓ ਭਰਿਆ ਹੋਇਆ ਹੈ – ਉਹ ਵੀ ਗਊ ਦੇ ਦੁੱਧ ਤੋਂ ਤਿਆਰ ਕੀਤਾ ਹੋਇਆ। ਤਦ ਉਹ ਬਹੁਤ ਹੈਰਾਨ ਵੀ ਹੋਏ ਤੇ ਖ਼ੁਸ਼ ਵੀ। ਉਨ੍ਹਾਂ ਉਸ ਬਜ਼ੁਰਗ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਦੀ ਸਿਹਤ ਦਾ ਇੰਨਾ ਜ਼ਿਆਦਾ ਖਿ਼ਆਲ ਸੀ। ਦਰਅਸਲ, ਉਹ ਬਜ਼ੁਰਗ ਭਗਵੰਤ ਮਾਨ ਹੁਰਾਂ ਨੂੰ ਇਹ ਨਸੀਹਤ ਕਰਨੀ ਚਾਹੁੰਦੇ ਸਨ ਕਿ ਉਹ ਸਾਲ 2019 ਦੀਆਂ ਆਮ ਸੰਸਦੀ ਚੋਣਾਂ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ।

 

 

ਅਸਲ ‘ਚ ਸ੍ਰੀ ਭਗਵੰਤ ਮਾਨ ਅੱਜ–ਕੱਲ੍ਹ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਤੇ ਹੋਰ ਲਾਗਲੇ ਜ਼ਿਲ੍ਹਿਆਂ ਦੇ ਕਸਬਿਆਂ ਤੇ ਪਿੰਡਾਂ ਦੇ ਦੌਰੇ ਕਰ ਕੇ ਆਮ ਜਨਤਾ ਨੂੰ ਆਉਂਦੀ 20 ਜਨਵਰੀ ਦੀ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ।

 

 

ਕੱਲ੍ਹ ਉਹ ਜਦੋਂ ਪਿੰਡ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰ ਕੇ ਹਟੇ, ਤਾਂ ਇੱਕ ਬਜ਼ੁਰਗ ਗੁਲਜ਼ਾਰ ਸਿੰਘ ਉੱਠੇ ਤੇ ਉਨ੍ਹਾਂ ਸ੍ਰੀ ਭਗਵੰਤ ਮਾਨ ਨੂੰ ਦੇਸੀ ਘਿਓ ਦੀ ਬੋਤਲ ਨਾਲ ਸਨਮਾਨਿਤ ਕੀਤਾ। ਬਾਅਦ ‘ਚ ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਨੌਜਵਾਨਾਂ ਨੂੰ ਸਿਰਫ਼ ਇਹੋ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਸ਼ਰਾਬ ਦੀਆਂ ਬੋਤਲਾਂ ਖ਼ਤਮ ਕਰਨ ਦੀ ਥਾਂ ਦੇਸੀ ਘਿਓ ਖਾਣ–ਪੀਣ।  ‘ਭਗਵੰਤ ਮਾਨ ਇੱਕ ਅਜਿਹੀ ਸ਼ਖ਼ਸੀਅਤ ਹਨ, ਜੋ ਆਮ ਨੌਜਵਾਨਾਂ ਨੂੰ ਨਸ਼ਿਆਂ ਦੀ ਸਮੱਸਿਆ ਬਾਰੇ ਸਹੀ ਤਰੀਕੇ ਜਾਗਰੂਕ ਕਰ ਸਕਦੇ ਹਨ।’

 

 

ਬਜ਼ੁਰਗ ਤੋਂ ਅਨੋਖਾ ਤੋਹਫ਼ਾ ਲੈਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ,‘ਬਾਬਾ ਜੀ ਦਾ ਪਿਆਰ ਇਹੋ ਦਰਸਾਉਂਦਾ ਹੈ ਕਿ ਲੋਕ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਇਹ ਤੋਹਫ਼ਾ ਸਿੱਧ ਕਰਦਾ ਹੈ ਕਿ ਵਿਰੋਧੀ ਪਾਰਟੀਆਂ ਸਿਰਫ਼ ਮੈਨੂੰ ਬਦਨਾਮ ਕਰਨ ਲਈ ਹੀ ਮੇਰੇ ਵਿਰੁੱਧ ਕੂੜ ਪ੍ਰਚਾਰ ਕਰ ਰਹੀਆਂ ਹਨ। ਬਾਬਾ ਜੀ ਨੇ ਮੈਨੂੰ ਆਪਣਾ ‘ਪੁੱਤਰ’ ਆਖਿਆ ਤੇ ਵੋਟ ਪਾਉਣ ਦਾ ਭਰੋਸਾ ਵੀ ਦਿੱਤਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur old man gave a bottle to Bhagwant Mann