‘ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ’ (CIA – ਸੀਆਈਏ) ਵੱਲੋਂ ਇੱਕ ਚੋਰੀ ਦੇ ਮਾਮਲੇ ਵਿੱਚ ਕਥਿਤ ਤੌਰ ਉੱਤੇ ਹਿਰਾਸਤ ਵਿੱਚ ਲਏ ਇੱਕ ਨੌਜਵਾਨ ਦੀ ਲਾਸ਼ ਭੇਤ ਭਰੀ ਹਾਲਤ ’ਚ ਲਹਿਲ ਕਲਾਂ ਪਿੰਡ ਦੇ ਛੱਪੜ ’ਚੋਂ ਮਿਲੀ ਹੈ।
ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਜਗਸੀਰ ਸਿੰਘ ਉਰਫ਼ ਜੱਗਾ ਨਿਵਾਸੀ ਲਹਿਲ ਕਲਾਂ (ਲਹਿਰਾ ਸਬ–ਡਿਵੀਜ਼ਨ, ਸੰਗਰੂਰ) ਉੱਤੇ ਕਥਿਤ ਤੌਰ ’ਤੇ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਢਾਹਿਆ ਗਿਆ ਸੀ; ਜਦੋਂ ਉਸ ਦੀ ਮੌਤ ਹੋ ਗਈ, ਤਦ ਉਸ ਦੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ ਗਈ।
ਦੱਸਿਆ ਜਾਦਾ ਹੈ ਕਿ ਪੀੜਤ ਜੱਗਾ ਬੀਤੀ 17 ਫ਼ਰਵਰੀ ਨੂੰ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋ ਗਿਆ ਸੀ। ਸੋਮਵਾਰ ਨੂੰ ਜਦੋਂ ਉਸ ਦੀ ਲਾਸ਼ ਮਿਲੀ, ਤਦ ਵੀ ਉਸ ਦੇ ਹਥਕੜੀਆਂ ਲੱਗੀਆਂ ਹੋਈਆਂ ਸਨ।
ਇਸ ਮੌਤ ਤੋਂ ਦੁਖੀ ਪਿੰਡ ਦੇ ਨਿਵਾਸੀਆਂ ਨੇ ਲਹਿਰਾ ਤੋਂ ਮੂਣਕ ਜਾਣ ਵਾਲੀ ਸੜਕ ਉੱਤੇ ਆਵਾਜਾਈ ਜਾਮ ਕੀਤੀ ਤੇ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲਿਸ ਮੁਤਾਬਕ ਜੱਗਾ ਨੂੰ ਚੋਰੀ ਦੇ ਇੱਕ ਮਾਮਲੇ ਵਿੱਚ ਹਿਰਾਸਤ ’ਚ ਲਿਆ ਗਿਆ ਸੀ। ਉਸ ਕੋਲੋਂ ਕਥਿਤ ਤੌਰ ਉੱਤੇ ਸੋਨੇ ਦੀਆਂ ਤੇ ਚੋਰੀਆਂ ਦੀਆਂ ਕੁਝ ਹੋਰ ਵਸਤਾਂ ਬਰਾਮਦ ਹੋਈਆਂ ਸਨ।
ਬੀਤੀ 17 ਫ਼ਰਵਰੀ ਨੂੰ ਦਰਜ ਹੋਈ ਐੱਫ਼ਆਈਆਰ ਵਿੱਚ ਲਿਖਿਆ ਹੈ ਕਿ ਜੱਗਾ ਪਿਸ਼ਾਬ ਕਰਨ ਦੇ ਬਹਾਨੇ ਰਾਤੀਂ 9:30 ਵਜੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ।
ਮ੍ਰਿਤਕ ਦੀ ਮਾਂ ਬਲਜੀਤ ਕੌਰ ਨੇ ਦੰਸਿਆ,‘ਮੇਰੇ ਪੁੱਤਰ ਨੂੰ ਕਥਿਤ ਚੋਰੀ ਦੇ ਇੱਕ ਮਾਮਲੇ ਵਿੱਚ ਸੀਆਈਏ ਸਟਾਫ਼ ਨੇ ਹਿਰਾਸਤ ਵਿੱਚ ਲਿਆ ਸੀ ਪਰ ਉਸ ਉੱਤੇ ਤਸ਼ੱਦਦ ਢਾਹੁਣ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਗਈ, ਤਾਂ ਉਸ ਦੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ ਗਈ। ਭਾਵੇਂ ਉਸ ਨੇ ਅਪਰਾਧ ਕੀਤਾ ਸੀ, ਪੁਲਿਸ ਉਸ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਸੀ ਪਰ ਸਜ਼ਾ ਤਾਂ ਅਦਾਲਤ ਨੇ ਦੇਣੀ ਸੀ। ਇਹ ਤਾਂ ਬੇਇਨਸਾਫ਼ੀ ਹੈ। ਉਨ੍ਹਾਂ ਮੇਰੇ ਪੁੱਤਰ ਨੂੰ ਮਾਰਿਆ ਹੈ। ਮੈਨੂੰ ਇਨਸਾਫ਼ ਚਾਹੀਦਾ ਹੈ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।’
ਪਿੰਡ ਦੇ ਸਰਪੰਚ ਪੁਸ਼ਪਿੰਦਰ ਸਿੰਘ ਰਿੰਪੀ ਨੇ ਕਿਹਾ,‘ਸਾਨੂੰ ਇਹ ਪਤਾ ਨਹੀਂ ਕਿ ਉਹ ਛੱਪੜ ਵਿੱਚ ਆਪੇ ਡਿੱਗ ਪਿਆ ਸੀ ਕਿ ਕਤਲ ਤੋਂ ਬਾਅਦ ਉਸ ਦੀ ਲਾਸ਼ ਕਿਸੇ ਸੁੱਟੀ ਹੈ। ਪਰ ਇਹ ਸਾਰਾ ਕੁਝ ਪੁਲਿਸ ਹਿਰਾਸਤ ਦੌਰਾਨ ਹੀ ਵਾਪਰਿਆ ਹੈ। ’
ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਲਹਿਰਾ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਤਹਿਕੀਕਾਤ ਅਰੰਭ ਕਰ ਦਿੱਤੀ ਹੈ।