ਪੰਜਾਬ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਮੁਹਿੰਮ ਛੇੜ ਦਿੱਤੀ ਗਈ ਹੈ। ਸਕੂਲ, ਕਾਲਜ, ਸੈਰ-ਸਪਾਟਾ ਕੇਂਦਰ, ਮੀਟਿੰਗਾਂ, ਇਕੱਠ, ਰੈਲੀਆਂ, ਖੇਡ ਮੁਕਾਬਲੇ ਰੱਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ 'ਚ ਵੀ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਜ਼ਰੂਰੀ ਕਦਮ ਚੁੱਕੇ ਗਏ ਹਨ।
ਦਰਬਾਰ ਸਾਹਿਬ ਵਿਖੇ ਸੈਨੀਟਾਈਜ਼ਰ ਨਾਲ ਸੰਗਤਾਂ ਦੇ ਹੱਥ ਸਾਫ ਕਰਨ ਦੀ ਸੇਵਾ ਮੁਹੱਈਆ ਕਰਾਈ ਜਾ ਰਹੀ ਹੈ। ਇਹ ਕਾਰਜ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਗੇਟਾਂ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਸਾਰੇ ਗੇਟਾਂ 'ਤੇ ਚੱਲ ਰਿਹਾ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨਦੋਜ ਹਿੱਸੇ ਵਿੱਚ ਬਣਾਈਆਂ ਗੈਲਰੀਆਂ ਨੂੰ ਯਾਤਰੂਆਂ ਲਈ ਬੰਦ ਕਰ ਦਿੱਤਾ ਗਿਆ ਸੀ। ਐਸਜੀਪੀਸੀ ਵੱਲੋਂ ਵੀ ਆਪਣੇ ਸਮੂਹ ਵਿਦਿਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।