ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਕਾਰੀ ਭਵਨ ਦਾ ‘ਦੂਜਾ ਹਮਲਾਵਰ` ਅਵਤਾਰ ਸਿੰਘ ਵੀ ਗ੍ਰਿਫ਼ਤਾਰ

ਨਿਰੰਕਾਰੀ ਭਵਨ ਦਾ ‘ਦੂਜਾ ਹਮਲਾਵਰ` ਅਵਤਾਰ ਸਿੰਘ ਵੀ ਗ੍ਰਿਫ਼ਤਾਰ

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਦੇ ਸ਼ਰਧਾਲੂਆਂ `ਤੇ ਹਿੰਸਕ ਹਮਲਾ ਕਰਨ ਵਾਲੇ ਦੂਜੇ ਮੁਲਜ਼ਮ ਅਵਤਾਰ ਸਿੰਘ ਖ਼ਾਲਸਾ ਨੂੰ ਵੀ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਉਂਝ ਪਹਿਲਾਂ ਜਦੋਂ ਇਸੇ ਮਾਮਲੇ ਦੇ ਇੱਕ ਹੋਰ ਮੁਲਜ਼ਮ ਪਰਮਜੀਤ ਸਿੰਘ ਨੂੰ ਬੀਤੀ 21 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਸ਼ਾਮ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਅਵਤਾਰ ਸਿੰਘ ਖ਼ਾਲਸਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਪਰ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਅੱਜ ਸਨਿੱਚਰਵਾਰ ਨੂੰ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਜਿਹੇ ਪੰਜਾਬੀ ਨੌਜਵਾਨਾਂ ਨੂੰ ਪਾਕਿਸਤਾਨ ਦੇ ਸ਼ਰਾਰਤੀ ਅਨਸਰ ਲਗਾਤਾਰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਵਤਾਰ ਸਿੰਘ ਦਾ ਕਿਰਦਾਰ ਬਿਲਕੁਲ ਬੇਦਾਗ਼ ਰਿਹਾ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਅਵਤਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਇਟਲੀ ਦੇ ਕਿਸੇ ਵਿਅਕਤੀ ਦੇ ਲਗਾਤਾਰ ਸੰਪਰਕ ਵਿੱਚ ਸੀ। ਅਵਤਾਰ ਸਿੰਘ ਕੋਲੋਂ ਕੁਝ ਹਥਿਆਰ ਵੀ ਬਰਾਮਦ ਹੋਏ ਹਨ।


ਨਿਰੰਕਾਰੀ ਭਵਨ `ਚ ਸ਼ਰਧਾਲੂਆਂ `ਤੇ ਬੰਬ ਸੁੱਟ ਕੇ ਤਿੰਨ ਨਿਰਦੋਸ਼ ਵਿਅਕਤੀਆਂ ਦੀ ਜਾਨ ਲੈਣ ਵਾਲਾ ਕਥਿਤ ਮੁਲਜ਼ਮ ਬਿਕਰਮਜੀਤ ਸਿੰਘ (26) ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਧਾਰੀਵਾਲ ਦਾ ਅਤੇ ਅਵਤਾਰ ਸਿੰਘ ਇਸੇ ਜਿ਼ਲ੍ਹੇ ਦੇ ਲੋਪੋਕੇ ਲਾਗਲੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਵਸਨੀਕ ਹੈ।


ਪੁਲਿਸ ਸੂਤਰਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਦੋਵਾਂ ਨੂੰ ਹੱਥਗੋਲਾ ਪਾਕਿਸਤਾਨ `ਚ ਕਿਸੇ ਹੈਪੀ ਨਾਂਅ ਦੇ ਵਿਅਕਤੀ ਨੇ ਦਿੱਤਾ ਸੀ। ਹੈਪੀ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ `ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦਾ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀ-ਐੱਚ.ਡੀ. ਹੈ।


ਹਰਮੀਤ ਸਿੰਘ ਹੈਪੀ `ਤੇ ਦੋਸ਼ ਹੈ ਕਿ ਉਸੇ ਨੇ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਵਿੱਚ ਸਿ਼ਵ ਸੈਨਾ, ਆਰਐੱਸਐੱਸ ਦੇ ਆਗੂਆਂ ਤੇ ਮਸੀਹੀ ਪਾਦਰੀ ਦਾ ਕਤਲ ਕਰਵਾਇਆ ਸੀ।


ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਬਜਾਜ ਪਲਸਰ ਮੋਟਰਸਾਇਕਲ ਨੰਬਰ ਪੀਬੀ-02 ਬੀਐੱਫ਼ 9488 ਨੂੰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ ਦੀ ਵਰਤੋਂ ਐਤਵਾਰ ਨੂੰ ਨਿਰੰਕਾਰੀ ਭਵਨ `ਚ ਗਰੇਨੇਡ ਧਮਾਕਾ ਕਰਨ ਲਈ ਕੀਤੀ ਗਈ ਸੀ।


ਬਿਕਰਮਜੀਤ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਅਵਤਾਰ ਸਿੰਘ ਨੇ ਬੀਤੀ 3 ਨਵੰਬਰ ਨੂੰ ਦੇਰ ਰਾਤੀਂ ਫ਼ੋਨ ਕਰ ਕੇ ਉਸ ਨੂੰ ਅਗਲੀ ਸਵੇਰੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਤਿਆਰ ਰਹਿਣ ਲਈ ਕਿਹਾ ਸੀ। ਤੜਕੇ ਸਾਢੇ ਚਾਰ ਵਜੇ ਅਵਤਾਰ ਤਦ ਬਿਕਰਮਜੀਤ ਸਿੰਘ ਦੇ ਘਰ ਪੁੱਜ ਗਿਆ ਸੀ।


ਦੋਵੇਂ ਬਿਕਰਮਜੀਤ ਸਿੰਘ ਦੇ ਬਜਾਜ ਪਲਸਰ ਮੋਟਰਸਾਇਕਲ `ਤੇ ਹਥਗੋਲਾ ਲੈ ਕੇ ਨਿੱਕਲ ਤੁਰੇ ਅਤੇ ਲਗਭਗ ਇੱਕ ਕਿਲੋਮੀਟਰ ਦੂਰ ਮਜੀਠਾ-ਹਰਿਆਣਾ ਲਿੰਕ ਰੋਡ `ਤੇ ਰੁੱਖਾਂ ਦੇ ਹੇਠਾਂ ਹੱਥਗੋਲਾ ਅੱਧਾ ਫ਼ੁੱਟ ਦਾ ਟੋਆ ਪੁੱਟ ਕੇ ਦਬਾ ਦਿੱਤਾ ਸੀ।

ਨਿਰੰਕਰ ਭਵਨ ਦੀ ਰੇਕੀ 13 ਨਵੰਬਰ ਨੂੰ ਕੀਤੀ ਗਈ ਸੀ; ਜਦੋਂ ਉੱਥੇ ਕੋਈ ਵੀ ਨਹੀਂ ਸੀ। ਫਿਰ ਦੋਵਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤੇ ਫਿਰ ਰੂਟ ਤੈਅ ਕੀਤਾ ਗਿਆ ਕਿ ਉਨ੍ਹਾਂ ਨੂੰ ਹਿੰਸਕ ਵਾਰਦਾਤ ਨੂੰ ਅੰਜਾਮ ਦੇ ਕੇ ਕਿੱਧਰ ਨੂੰ ਨੱਸਣਾ ਹੈ।


ਪੰਜਾਬ ਪੁਲਿਸ ਹੁਣ ਦਾਅਵਾ ਕਰ ਰਹੀ ਹੈ ਕਿ ਹੁਣ ਉਹ ਦਹਿਸ਼ਤਗਰਦਾਂ ਨੂੰ ਖ਼ਤਮ ਕਰਨ ਲਈ ਪੂਰਾ ਤਾਣ ਲਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Second accused of Nirankari Bhawan attack arrested