ਇੱਥੇ ਦੋ ਜਣਿਆਂ ਨਾਲ 13.44 ਲੱਖ ਰੁਪਏ ਦੀ ਇਮੀਗ੍ਰੇਸ਼ਨ ਧੋਖਾਧੜੀ ਹੋ ਗਈ ਹੈ। ਮੁਲਜ਼ਮਾਂ ਰਾਜਦੀਪ ਸਿੰਘ ਨਿਵਾਸੀ ਮਾਨਸਾ, ਤਰਨਜੀਤ ਸਿੰਘ ਨਿਵਾਸੀ ਮੋਗਾ, ਵਰਿੰਦਰਪਾਲ ਸਿੰਘ ਨਿਵਾਸੀ ਖਰੜ – ਜ਼ਿਲ੍ਹਾ ਮੋਹਾਲੀ, ਗੁਰਵਿੰਦਰ ਸਿੰਘ ਨਿਵਾਸੀ ਹਨੂਮਾਨਗੜ੍ਹ ਤੇ ਕੁਲਵਿੰਦਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ ਨਿਵਾਸੀ ਰਾਮ ਸਿੰਘਪੁਰਾ ਜ਼ਿਲ੍ਹਾ ਸ੍ਰੀ ਗੰਗਾਨਗਰ – ਰਾਜਸਥਾਨ ਨੇ ਦੋ ਨੌਜਵਾਨਾਂ ਨੂੰ ਪਹਿਲਾਂ ਸਪੇਨ ਭੇਜਣ ਬਦਲੇ ਮੋਟੀ ਰਕਮ ਵਸੂਲ ਕੀਤੀ ਸੀ ਪਰ ਉਨ੍ਹਾਂ ਨੂੰ ਅਜ਼ਰਬਾਇਜਾਨ ਦੇ ਸ਼ਹਿਰ ਬਾਕੂ ਭੇਜ ਦਿੱਤਾ। ਉੱਥੇ ਦੋਵੇਂ ਭੋਲੇ–ਭਾਲੇ ਨੌਜਵਾਨਾਂ ਨੂੰ ਕੁਝ ਸਮਾਂ ਜੇਲ੍ਹ ’ਚ ਵੀ ਬਿਤਾਉਣਾ ਪਿਆ।
ਪੀੜਤ ਨੌਜਵਾਨਾਂ ਪ੍ਰਿੰਸਪਾਲ ਸਿੰਘ ਨਿਵਾਸੀ ਸੂਲਰ ਘਰਾਟ ਤੇ ਸਿਮਰਜੀਤ ਸਿੰਘ ਨਿਵਾਸੀ ਸੁਨਾਮ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਸਪੇਨ ਦਾ ਵਰਕ–ਪਰਮਿਟ ਦਿਵਾਉਣ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਨੂੰ ਸਾਬਕਾ ਸੋਵੀਅਤ ਸੰਘ ਤੋਂ ਟੁੱਟ ਕੇ ਬਣੇ ਗ਼ਰੀਬ ਦੇਸ਼ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਭੇਜ ਦਿੱਤਾ ਗਿਆ।
ਸਿਮਰਜੀਤ ਸਿੰਘ ਨੇ ਦੱਸਿਆ ਕਿ – ‘ਜੂਨ 2018 ਦੌਰਾਨ ਅਸੀਂ ਸਪੇਨ ਜਾਣ ਲਈ ਭਾਰਤ ਤੋਂ ਰਵਾਨਾ ਹੋਏ ਪਰ ਬਾਕੂ ਪੁੱਜ ਗਏ। ਸਾਨੂੰ ਜੇਲ੍ਹ ਵਿੱਚ ਵੀ ਕੁਝ ਸਮਾਂ ਬਿਤਾਉਣਾ ਪਿਆ। ਮੁਲਜ਼ਮਾਂ ਨੇ ਸਾਡੇ ਕੋਲੋਂ 13.44 ਲੱਖ ਰੁਪਏ ਲੁੱਟ ਲਏ ਹਨ ਤੇ ਸਾਨੂੰ ਸਪੇਨ ਨਹੀਂ ਭੇਜਿਆ।’
ਪੁਲਿਸ ਨੇ ਮੁਲਜ਼ਮਾਂ ਵਿਰੁੱਧ ਸੁਨਾਮ ਪੁਲਿਸ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਸ੍ਰੀ ਬਲਜਿੰਦਰ ਸਿੰਘ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੇ ਹਨ।