ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਤੀਫ਼ੇ ਦੇ ਤੁਰੰਤ ਮਗਰੋਂ ਸੇਖਵਾਂ ਨੂੰ ਅਕਾਲੀ ਦਲ `ਚੋਂ ਕੱਢਿਆ

ਸੇਖਵਾਂ ਨੇ ਵੀ ਦਿੱਤਾ ਅਸਤੀਫ਼ਾ, ਕਿਹਾ ਸੁਖਬੀਰ ਤੇ ਮਜੀਠੀਆ ਨੇ ਡੋਬਿਆ ਅਕਾਲੀ ਦਲ

ਸੀਨੀਅਰ ਟਕਸਾਲੀ ਅਕਾਲੀ ਆਗੂ ਸ੍ਰੀ ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕੋਲ ਇਸ ਵੇਲੇ ਕੋਰ ਕਮੇਟੀ ਦੀ ਮੈਂਬਰਸਿ਼ਪ ਤੇ ਸੀਨੀਅਰ ਮੀਤ ਪ੍ਰਧਾਨ ਜਿਹੇ ਅਹਿਮ ਅਹੁਦੇ ਸਨ ਤੇ ਉਨ੍ਹਾਂ ਨੇ ਇਨ੍ਹਾਂ ਹੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦੀ ਕੋਈ ਵੀ ਗੱਲ ਸੁਣੀ ਨਹੀਂ ਜਾ ਰਹੀ। ਇਸੇ ਲਈ ਸ੍ਰੀ ਸੇਖਵਾਂ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਲ਼ੇ ਬਿਕਰਮ ਸਿੰਘ ਮਜੀਠੀਆ ਖਿ਼ਲਾਫ਼ ਰੱਜ ਕੇ ਭੜਾਸ ਕੱਢੀ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਨੇ ਵੀ ਤੁਰਤ-ਫੁਰਤ ਕਾਰਵਾਈ ਕਰਦਿਆਂ ਸ੍ਰੀ ਸੇਖਵਾਂ ਨੂੰ ਪਾਰਟੀ `ਚੋਂ ਕੱਢ ਦਿੱਤਾ ਹੈ। 

 

ਪਾਰਟੀ `ਚੋਂ ਕੱਢੇ ਜਾਣ ਦੀ ਖ਼ਬਰ ਦੇ ਤੁਰੰਤ ਬਾਅਦ ਸ੍ਰੀ ਸੇਖਵਾਂ ਨੇ ਕਿਹਾ ਕਿ - ‘ਉਹ ਕੌਣ ਹੁੰਦੇ ਹਨ ਉਨ੍ਹਾਂ ਨੂੰ ਪਾਰਟੀ `ਚੋਂ ਕੱਢਣ ਵਾਲੇ?` ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਵੀ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ।


ਸ੍ਰੀ ਸੇਖਵਾਂ ਨੇ ਕਿਹਾ ਕਿ ਛੋਟੇ ਬਾਦਲ ਤੇ ਮਜੀਠੀਆ ਦੀਆਂ ਪੇਤਲੀਆਂ ਨੀਤੀਆਂ ਕਰ ਕੇ ਪਾਰਟੀ ਦੀਆਂ ਸੀਟਾਂ ਘਟ ਕੇ 15 ਰਹਿ ਗਈਆਂ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਜਦੋਂ ਵਿਧਾਨ ਸਭਾ ਚੋਣਾਂ `ਚ ਪਾਰਟੀ ਨੂੰ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤਦ ਹੀ ਕੋਰ ਕਮੇਟੀ ਦੀ ਮੀਟਿੰਗ `ਚ ਸੀਨੀਅਰ ਅਕਾਲੀ ਆਗੂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਦੀ ਸੁਣੀ ਨਹੀਂ ਗਈ।


ਸ੍ਰੀ ਸੇਖਵਾਂ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਤੇ ਫਿਰ ਉਹ ਮੁਆਫ਼ੀ ਵਾਪਸ ਲੈਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੱਕ ਦੇ ਅਹੁਦੇ ਦਾ ਮਾਣ-ਸਤਿਕਾਰ ਘਟ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਪਤਾ ਹੀ ਨਹੀਂ ਕਿ ਅਕਾਲੀ ਦਲ ਕੀ ਹੈ ਤੇ ਇਸ ਨੇ ਪਹਿਲਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ।


ਉੱਧਰ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਜਦੋਂ ਖ਼ੁਦ ਸ੍ਰੀ ਸੁਖਬੀਰ ਸਿੰਘ ਬਾਦਲ ਆਖ ਚੁੱਕੇ ਹਨ ਕਿ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਆਪਣੀ ਇਸ ਪੇਸ਼ਕਸ਼ ਨੂੰ ਅਮਲੀ ਰੂਪ ਦੇ ਦੇਣਾ ਚਾਹੀਦਾ ਹੈ।


ਸੀਨੀਅਰ ਅਕਾਲੀ ਆਗੂ ਸ੍ਰੀ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਅਸਲ ਵਿੱਚ ਪਾਰਟੀ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਮਿਲ ਕੇ ਪਾਰਟੀ ਨੂੰ ਖੜ੍ਹਾ ਕੀਤਾ ਸੀ ਤੇ ਉਹ ਹੁਣ ਇਸ ਨੂੰ ਬਚਾਉਣਾ ਚਾਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sewa Singh Sekhwan resigns condemns Sukhbir Majithia