ਸਿੱਖਸ ਫਾਰ ਜਸਟਿਸ (ਐਸ.ਜੇ.ਐਫ.) ਵੱਲੋਂ ਬਰਮਿੰਘਮ ਵਿਖੇ ਬੀਤੀ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਾਲੇ ਸਥਾਨ ਦੇ ਬਾਹਰ ਕੀਤਾ। ਅਖੌਤੀ ਰੋਸ ਪ੍ਰਦਰਸ਼ਨ ਨਾਂਹਪੱਖੀ ਹੁੰਗਾਰੇ ਕਾਰਨ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਇਆ।
ਇਸ ਪ੍ਰਦਰਸ਼ਨ ਦੀ ਅਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਥਾਨਕ ਸਿੱਖ ਭਾਈਚਾਰੇ ਵੱਲੋਂ ਉੱਕਾ ਵੀ ਇਸ ਨੂੰ ਸਮਰਥਨ ਜਾਂ ਸਹਿਯੋਗ ਨਹੀਂ ਦਿੱਤਾ ਗਿਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਇਹ ਮੁੱਠੀ ਭਰ ਪ੍ਰਦਰਸ਼ਨਕਾਰੀਆਂ ਦਾ ਇਕੱਠ ਸੀ ਜਿਨ੍ਹਾਂ ਨੂੰ ਕਿਸੇ ਵੀ ਮਸ਼ਹੂਰ ਜਾਂ ਸੱਚੇ ਦਿਲੋਂ ਕੋਈ ਸਹਿਯੋਗ ਨਹੀਂ ਮਿਲਿਆ ਜਿਸ ਕਾਰਨ
ਉਹ ਮੁੱਖ ਮੰਤਰੀ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਰੀਕੇ ਨਾਲ ਅੜਚਨ ਪਾਉਣ 'ਚ ਸਫ਼ਲ ਨਹੀਂ ਹੋ ਸਕੇ।
ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉਹ ਕਰੀਬ ਤਿੰਨ ਘੰਟੇ ਸਮਾਗਮ ਵਿੱਚ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਇਹ ਅਖੌਤੀ ਪ੍ਰਦਰਸ਼ਨਕਾਰੀ ਸਨ ਜਿਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।
ਮੁੱਖ ਮੰਤਰੀ ਨੇ ਸਮਾਗਮ ਦੌਰਾਨ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਐਸ.ਜੇ.ਐਫ. ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਸੀ ਕਿ ਆਈ.ਐਸ.ਆਈ. ਦੇ ਸਮਰੱਥਨ ਵਾਲੇ ਇਸ ਕੱਟੜ ਅਤਿਵਾਦੀ ਸੰਗਠਨ ਦਾ ਕੋਈ ਵਿਚਾਰਧਾਰਕ ਅਧਾਰ ਨਹੀਂ ਹੈ। ਇਸ ਸੰਸਥਾ ਦਾ ਸਿੱਖ ਕੌਮ ਵਿੱਚ ਪਾੜਾ ਪਾ ਕੇ ਪੰਜਾਬ ਤੇ ਭਾਰਤ ਵੰਡਣ ਤੋਂ ਇਲਾਵਾ ਹੋਰ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਅਜਿਹੇ ਨਾਪਾਕ ਮਨਸੂਬੇ ਭਾਰਤ ਦੀ ਏਕਤਾ ਅਤੇ ਸ਼ਕਤੀ ਨੂੰ ਨਹੀਂ ਤੋੜ ਸਕਦੇ।
ਮੁੱਖ ਮੰਤਰੀ ਨੇ ਇਹ ਸਾਫ਼ ਕੀਤਾ ਕਿ ਸ਼ਾਂਤੀ ਤੇ ਸਦਭਾਵਨਾ ਨੂੰ ਅਜਿਹੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਪੰਜਾਬ ਤੇ ਭਾਰਤ ਦੇਸ਼ ਪੂਰੀ ਤਰ੍ਹਾਂ ਸਮਰੱਥ ਹੈ।