ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੀ ਫਿਲਮ ‘ਮਨਮਰਜ਼ੀਆਂ’ ਵਿਚ ਸਿੱਖਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਲੜਕੀ ਨੂੰ ਸਿਗਰੇਟ ਪੀਂਦੇ ਦਿਖਾਏ ਜਾਣ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ। ਇਥੇ ਜਾਰੀ ਇੱਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਨਮਰਜ਼ੀਆਂ ਨਾਂ ਦੀ ਹਿੰਦੀ ਫਿਲਮ ਵਿਚ ਇੱਕ ਲੜਕੀ ਜੋ ਕਿ ਸਿੱਖ ਪਾਤਰ ਵਜੋਂ ਦਿਖਾਈ ਗਈ ਹੈ ਨੂੰ ਉਸ ਦੇ ਰੋਲ ਵਿਚ ਸਿਗਰੇਟ ਪੀਂਦੇ ਦਿਖਾਇਆ ਗਿਆ ਹੈ।
ਜੱਥੇਦਾਰ ਲੌਂਗੋਵਾਲ ਨੇ ਕਿਹਾ ਕਿ ਫਿਲਮ ਦੇ ਡਾਇਰੈਕਟਰ, ਪ੍ਰੋਡਿਊਸਰ ਦੀ ਇਸ ਗਲਤੀ ਨਾਲ ਸਿੱਖਾਂ ਦੇ ਧਾਰਮਿਕ ਜਜ਼ਬਾਤ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਇਸ ਨਾਲ ਸਿੱਖਾਂ ਵਿਚ ਰੋਸ ਤੇ ਰੋਹ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਫਿਲਮ ’ਤੇ ਤੁਰੰਤ ਰੋਕ ਦੀ ਮੰਗ ਕਰਦੀ ਹੈ, ਜਦਕਿ ਇਸ ਦੇ ਨਾਲ ਹੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਵਿਰੁਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਜੱਥੇਦਾਰ ਲੌਂਗੋਵਾਲ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਫਿਲਮ ਸੈਂਸਰ ਬੋਰਡ ਵਿਚ ਸਿੱਖ ਮੈਂਬਰ ਸ਼ਾਮਲ ਕੀਤਾ ਜਾਵੇ ਤਾਂ ਜੋ ਅਜਿਹੇ ਮਾਮਲਿਆਂ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾ ਦੁਖਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਨੇਕਾਂ ਵਾਰ ਸੈਂਸਰ ਬੋਰਡ ਵਿਚ ਸਿੱਖ ਨੁਮਾਇੰਦੇ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਰਕਾਰਾਂ ਇਸ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀਆਂ। ਜੇਕਰ ਫਿਲਮ ਸੈਂਸਰ ਡੋਰਡ ਵਿਚ ਸਿੱਖ ਨੁਮਾਇੰਦਾ ਹੋਵੇਗਾ ਤਾਂ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਦੁਹਰਾਇਆ ਕਿ ਵਿਵਾਦਤ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ।