ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਰ ਸਿੰਘ ਘੁਬਾਇਆ: ਇੱਟਾਂ ਦੇ ਭੱਠੇ ’ਤੇ ਮੁਨਸ਼ੀ ਤੋਂ ਲੈ ਕੇ ਕਰੋੜਪਤੀ MP ਤੱਕ, 'ਕਾਰਗੁਜ਼ਾਰੀ ਜ਼ੀਰੋ'

ਸ਼ੇਰ ਸਿੰਘ ਘੁਬਾਇਆ: ਇੱਟਾਂ ਦੇ ਭੱਠੇ ’ਤੇ ਮੁਨਸ਼ੀ ਤੋਂ ਲੈ ਕੇ ਕਰੋੜਪਤੀ MP ਤੱਕ, ਕਾਰਗੁਜ਼ਾਰੀ ਜ਼ੀਰੋ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 10

 

ਪੰਜਾਬ ’ਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਫ਼ਿਰੋਜ਼ਪੁਰ ਸੰਸਦੀ ਹਲਕੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸ਼ੇਰ ਸਿੰਘ ਘੁਬਾਇਆ ਕਰਦੇ ਹਨ। ਇਸੇ ਹਲਕੇ ਵਿੱਚ ਹੀ ਹੁਸੈਨੀਵਾਲਾ ਵਿਖੇ ਰਾਸ਼ਟਰੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਯਾਦਗਾਰ ਸਥਿਤ ਹੈ; ਇੱਥੇ ਹੀ 23 ਮਾਰਚ, 1931 ਨੂੰ ਇਨ੍ਹਾਂ ਸ਼ਹੀਦਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਇਸੇ ਸਰਹੱਦ ਉੱਤੇ ਰੋਜ਼ਾਨਾ ਭਾਰਤੀ ਤੇ ਪਾਕਿਸਤਾਨੀ ਸੁਰੱਖਿਆ ਦਸਤੇ ਰੀਟ੍ਰੀਟ ਰਸਮ ਨਿਭਾਉਂਦੇ ਹਨ।

 

 

ਸਾਲ 2014 ਦੀਆਂ ਆਮ ਚੋਣਾਂ ਦੌਰਾਨ ਸ੍ਰੀ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ 31,420 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਸਾਲ 2009 ’ਚ ਵੀ ਉਨ੍ਹਾਂ ਕਾਂਗਰਸ ਦੇ ਜਗਮੀਤ ਬਰਾੜ ਨੂੰ 21,071 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਤਦ ਉਨ੍ਹਾਂ ਵੱਲੋਂ ਇਹ ਚੋਣ ਜਿੱਤਣੀ ਬਹੁਤ ਵੱਡੀ ਗੱਲ ਸੀ। ਇਸ ਹਲਕੇ ਦੀ ਖ਼ਾਸ ਗੱਲ ਇਹ ਵੀ ਹੇ ਕਿ ਕਾਂਗਰਸ ਪਾਰਟੀ ਇਹ ਸੀਟ ਸਾਲ 1985 ਦੇ ਬਾਅਦ ਕਦੇ ਵੀ ਨਹੀਂ ਜਿੱਤ ਸਕੀ ਤੇ ਸ਼੍ਰੋਮਣੀ ਅਕਾਲੀ ਦਲ ਹੀ ਪਿਛਲੇ ਪੰਜ ਵਾਰ ਦੀਆਂ ਚੋਣਾਂ ਤੋਂ ਲਗਾਤਾਰ ਇਹ ਸੀਟ ਜਿੱਤਦਾ ਆਇਆ ਹੈ।

 

 

56 ਸਾਲਾ ਅਕਾਲੀ ਆਗੂ ਸ੍ਰੀ ਸ਼ੇਰ ਸਿੰਘ ਘੁਬਾਇਆ 10ਵੀਂ ਪਾਸ ਹਨ। ਉਹ ਸੰਸਦ ਦੀਆਂ ਜਲ–ਸਰੋਤਾਂ ਤੇ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਮਾਮਲਿਆਂ ਬਾਰੇ ਸਥਾਈ ਕਮੇਟੀਆਂ ਦੇ ਮੈਂਬਰ ਵੀ ਰਹੇ ਹਨ।

 

 

ਸਾਲ 2017 ਦੌਰਾਨ ਉਨ੍ਹਾਂ ਦੀ ਇੱਕ ਵਿਡੀਓ ਵਾਇਰਲ ਹੋਈ ਸੀ; ਜਿਸ ਕਾਰਨ ਸ੍ਰੀ ਸ਼ੇਰ ਸਿੰਘ ਘੁਬਾਇਆ ਕਾਫ਼ੀ ਬਦਨਾਮ ਵੀ ਹੋਏ ਸਨ। ਉਸ ਵਿਡੀਓ ’ਚ ਉਹ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਵਿਖਾਈ ਦੇ ਰਹੇ ਸਨ।

 

 

ਸ੍ਰੀ ਘੁਬਾਇਆ ਨੇ ਲੋਕ ਸਭਾ ਵਿੱਚ ਨਰਮਾ ਉਤਪਾਦਕਾਂ ਲਈ ਕਪਾਹ ਦੇ ਘੱਟੋ–ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ, ਹੁਸੈਨੀਵਾਲਾ ਵਿਖੇ ਰਾਸ਼ਟਰੀ ਸ਼ਹੀਦਾਂ ਦੀ ਯਾਦਗਾਰ ਦੇ ਸੁੰਦਰੀਕਰਨ ਦੇ ਮੁੱਦੇ ਉਠਾਏ ਸਨ। ਉਹ ਸਦਨ ਵਿੱਚ ਰੇਲਵੇ ਅੰਡਰ–ਬ੍ਰਿਜ ਤੇ ਪੰਜਾਬ ਵਿੱਚ ਮੈਡੀਕਲ ਯੂਨੀਵਰਸਿਟੀ ਖੋਲ੍ਹਣ ਨਾਲ ਸਬੰਧਤ ਸੁਆਲ ਪੁੱਛ ਚੁੱਕੇ ਹਨ। ਇਸ ਤੋਂ ਇਲਾਵਾ ਉਹ ਲੋਕ ਸਭਾ ਵਿੱਚ ਕਿਸਾਨਾਂ ਦੇ ਮਸਲਿਆਂ ਬਾਰੇ ਬਹਿਸ ਵਿੱਚ ਭਾਗ ਵੀ ਲੈ ਚੁੱਕੇ ਹਨ।

 

 

ਪਿਛਲੀ ਵਾਰ ਚੋਣ ਜਿੱਤਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਗੱਲੋਂ ਵਿਗੜ ਗਈ ਸੀ; ਇਸੇ ਲਈ ਐਤਕੀਂ ਉਹ ਕਾਂਗਰਸ ਪਾਰਟੀ ਦੇ ਟਿਕਟ ਉੱਤੇ ਚੋਣ ਲੜਨ ਦੇ ਚਾਹਵਾਨ ਹਨ। ਪਰ ਲੱਗਦਾ ਨਹੀਂ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਉਨ੍ਹਾਂ ਦੀ ਦਾਲ਼ ਗਲ਼ੇਗੀ ਕਿਉਂਕਿ ਪਾਰਟੀ ਵਿੱਚ ਉਨ੍ਹਾਂ ਦੇ ਨਾਂਅ ਉੱਤੇ ਕਾਫ਼ੀ ਵਿਰੋਧ ਹੈ।

 

 

ਸੁਖਬੀਰ ਬਾਦਲ ਨਾਲ ਵਿਗੜ ਜਾਣ ਕਾਰਨ ਸ੍ਰੀ ਘੁਬਾਇਆ ਆਪਣੇ ਹਲਕੇ ਲਈ ਇਸ ਵਾਰ ਕੁਝ ਬਹੁਤਾ ਨਹੀਂ ਕਰ ਸਕੇ ਕਿਉਂਕਿ ਕੇਂਦਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਦੇ ਹਲਕੇ ਫ਼ਿਰੋਜ਼ਪੁਰ ਦਾ ਬਹੁਤਾ ਹਿੱਸਾ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਹੈ ਤੇ ਉਸ ਇਲਾਕੇ ਵਿੱਚ ਨਵੇਂ ਵਿਕਾਸ ਪ੍ਰੋਜੈਕਟ ਨਾਮਾਤਰ ਹੀ ਕਿਤੇ ਵਿਖਾਈ ਦਿੰਦੇ ਹਲ।

 

 

ਸ੍ਰੀ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਘੁਬਾਇਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਤੇ 2017 ’ਚ ਉਹ ਫ਼ਾਜ਼ਿਲਕਾ ਤੋਂ ਵਿਧਾਇਕ ਵੀ ਬਣ ਗਏ ਸਨ। ਪਰ ਸ੍ਰੀ ਸ਼ੇਰ ਸਿੰਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਸੀ, ਉਂਝ ਭਾਵੇਂ ਉਹ ਵਿਧਾਨ ਸਭਾ ਚੋਣਾਂ ਦੌਰਾਨ ਸ਼ਰੇਆਮ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਘੁੰਮ ਰਹੇ ਸਨ। ਉਨ੍ਹਾਂ ਨੂੰ ਅਜਿਹਾ ਇਸ ਕਰ ਕੇ ਕਰਨਾ ਪਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਦਲ–ਬਦਲੀ ਕਾਨੂੰਨ ਕਾਰਨ ਉਨ੍ਹਾਂ ਦੀ ਸੰਸਦ ਮੈਂਬਰੀ ਖੁੱਸੇ।

 

 

ਸ੍ਰੀ ਸ਼ੇਰ ਸਿੰਘ ਘੁਬਾਇਆ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਭਰੋਸੇਯੋਗ ਸਮਝੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਪਾਰਟੀ ਪ੍ਰਧਾਨ ਲਈ ਜਲਾਲਾਬਾਦ ਤੋਂ ਆਪਣੀ ਵਿਧਾਇਕੀ ਵੀ ਛੱਡ ਦਿੱਤੀ ਸੀ। ਪਰ ਹੁਣ ਸ੍ਰੀ ਘੁਬਾਇਆ ਨੂੰ ਆਪਣਾ ‘ਦੁਸ਼ਮਣ ਨੰਬਰ 1’ ਸੁਖਬੀਰ ਬਾਦਲ ਜਾਪਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ –ਭਾਜਪਾ ਸਰਕਾਰ ਦਾ ਕਾਰਜਕਾਲ ਮੁਕੰਮਲ ਹੋਣ ਵਾਲਾ ਸੀ, ਤਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਨ੍ਹਾਂ ਦੇ ਖ਼ੁਦ ਦੇ ਇੰਜੀਨੀਅਰਿੰਗ ਕਾਲਜ ’ਤੇ ਛਾਪਾ ਮਾਰਿਆ ਸੀ, ਜਿਸ ਕਾਰਨ ਉਨ੍ਹਾਂ ਕਾਫ਼ੀ ਅਪਮਾਨਿਤ ਮਹਿਸੂਸ ਕੀਤਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਛਾਪਾ ਸ੍ਰੀ ਸੁਖਬੀਰ ਬਾਦਲ ਨੇ ਪਵਾਇਆ ਸੀ।

 

 

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਜਿਹੜੀ ਵਿਡੀਓ ਕਲਿੱਪ ਸਾਹਮਣੇ ਆਈ ਸੀ; ਉਹ ਹੁਣ ਤੱਕ ਵੀ ਉਸ ਕਲਿੱਪ ਦੇ ਮਾਮਲੇ ਵਿੱਚ ਆਪਣਾ ਬਚਾਅ ਕਰਦੇ ਵੇਖੇ ਜਾਂਦੇ ਹਨ; ਜਿਸ ਕਾਰਨ ਉਨ੍ਹਾਂ ਦਾ ਧਿਆਨ ਵੋਟਰਾਂ ਦੀ ਭਲਾਈ ਵੱਲ ਤਾਂ ਐਤਕੀਂ ਲੱਗ ਹੀ ਨਹੀਂ ਸਕਿਆ।

 

 

ਭਾਵੇਂ MP (Member Parliament – ਸੰਸਦ ਮੈਂਬਰ) ਸ੍ਰੀ ਘੁਬਾਇਆ ਹੁਣ ਕਾਂਗਰਸ ਪਾਰਟੀ ਦਾ ਟਿਕਟ ਚਾਹ ਰਹੇ ਹਨ ਪਰ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂ ਅਜਿਹਾ ਨਹੀਂ ਚਾਹੁੰਦੇ। ਅਜਿਹੇ ਆਗੂਆਂ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੀ ਸ਼ਾਮਲ ਹਨ, ਜੋ ਉਨ੍ਹਾਂ ਦੀ ਸੰਭਾਵੀ ਉਮੀਦਵਾਰੀ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।

 

 

ਸ੍ਰੀ ਗੁਰੂ ਹਰਸਹਾਏ ਤੋਂ ਚਾਰ ਵਾਰ ਵਿਧਾਇਕ ਬਣ ਚੁੱਕੇ ਸ੍ਰੀ ਸੋਢੀ ਨੇ ਕਿਹਾ,’ਇੱਕ ਐੱਮਪੀ ਵਜੋਂ ਸ੍ਰੀ ਘੁਬਾਇਆ ਦੀ ਕਾਰਗੁਜ਼ਾਰੀ ਸਿਫ਼ਰ ਹੀ ਰਹੀ ਹੈ। ਉਨ੍ਹਾਂ ਪਿਛਲੇ 10 ਵਰ੍ਹਿਆਂ ਦੌਰਾਨ ਵੀ ਆਪਣੇ ਹਲਕੇ ਦੀ ਜਨਤਾ ਲਈ ਕੁਝ ਨਹੀਂ ਕੀਤਾ। ਉਹ ਸਿਰਫ਼ ਆਪਣਾ ਬਚਾਅ ਹੀ ਕਰਦੇ ਰਹੇ ਹਨ। ਉਹ ਇਹ ਵੀ ਨਹੀਂ ਦੱਸ ਸਕਦੇ ਕਿ ਸੰਸਦ ਵਿੱਚ ਉਨ੍ਹਾਂ ਨੇ ਕਿਹੜੇ ਮੁੱਦੇ ਚੁੱਕੇ ਸਨ। ਕੀ ਉਨ੍ਹਾਂ ਸਰਹੱਦੀ ਇਲਾਕੇ ’ਚ ਵਸਦੇ ਲੋਕਾਂ ਦੇ ਰੋਜ਼ਗਾਰ ਲਈ ਕੁਝ ਕੀਤਾ ਹੈ?‘

 

 

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ੍ਰੀ ਸ਼ੇਰ ਸਿੰਘ ਘੁਬਾਇਆ ਅਨੁਸੂਚਿਤ ਜਾਤੀ ਦੀ ਰਾਏ ਸਿੱਖ ਕੌਮ ਨਾਲ ਸਬੰਧਤ ਹਨ। ਉਹ ਪਿਛਲੀਆਂ ਦੋ ਵਾਰ ਦੀਆਂ ਚੋਣਾਂ ਵਿੱਚ ਵੀ ਇਸੇ ਲਈ ਜਿੱਤ ਗਏ ਸਨ। ਕਿਸੇ ਵੇਲੇ ਉਹ ਇੱਟਾਂ ਦੇ ਭੱਠੇ ਉੱਤੇ ਮੁਨਸ਼ੀ ਹੁੰਦੇ ਸਨ ਤੇ ਹੁਣ ਉਹ ਕਰੋੜਪਤੀ ਸੰਸਦ ਮੈਂਬਰ ਹਨ। ਇਸ ਹਲਕੇ ਵਿੱਚ ਰਾਏ ਸਿੱਖਾਂ ਦੀ ਵੱਡੀ ਆਬਾਦੀ ਹੈ। ਉਨ੍ਹਾਂ ਨੂੰ ‘ਰਾਏ ਸਿੱਖਾਂ ਦਾ ਮਾਣ’ ਵੀ ਮੰਨਿਆ ਜਾਂਦਾ ਹੈ।

 

 

ਅੰਕੜੇ ਵੀ ਇਸ ਤੱਥ ਦੇ ਗਵਾਹ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਘੁਬਾਇਆ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ’ਚ ਆਪਣੇ ਵਿਰੋਧੀ ਉਮੀਦਵਾਰ ਤੋਂ 32,888 ਵੋਟਾਂ ਵੱਧ ਮਿਲੀਆਂ ਸਨ ਕਿਉਂਕਿ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੀ। ਫ਼ਾਜ਼ਿਲਕਾ ਤੇ ਗੁਰੂ ਹਰਸਹਾਏ ਵਿਧਾਨ ਸਭਾ ਹਲਕਿਆਂ ਤੋਂ ਉਹ ਕ੍ਰਮਵਾਰ 10,047 ਅਤੇ 9,428 ਵੋਟਾਂ ਦੇ ਫ਼ਰਕ ਨਾਲ ਅੱਗੇ ਰਹੇ ਸਨ ਕਿਉਂਕਿ ਇਨ੍ਹਾਂ ਦੋਵੇਂ ਹਲਕਿਆਂ ਵਿੱਚ ਰਾਏ ਸਿੱਖਾਂ ਦੀ ਵੱਡੀ ਆਬਾਦੀ ਹੈ।

 

 

ਜਲਾਲਾਬਾਦ ਦੇ ਇੱਕ ਰਾਏ ਸਿੱਖ ਮੋਟਰ ਮਕੈਨਿਕ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ – ‘ਇਸ ਐੱਮਪੀ ਨੇ ਰਾਏ ਸਿੱਖਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਹੀ ਵਰਤਿਆ ਹੈ ਪਰ ਉਨ੍ਹਾਂ ਆਪਣੀ ਕੌਮ ਲਈ ਕੁਝ ਨਹੀਂ ਕੀਤਾ ਹੈ।’

 

 

ਫ਼ਿਰੋਜ਼ਪੁਰ ਛਾਉਣੀ ਦੇ ਇੱਕ ਪੰਸਾਰੀ ਰਾਮ ਸ਼ਰਮਾ ਦਾ ਮੰਨਣਾ ਹੈ ਕਿ ਸ੍ਰੀ ਘੁਬਾਇਆ ਸਿਰਫ਼ ਰਾਏ ਸਿੱਖਾਂ ਦੀ ਭਲਾਈ ਦਾ ਹੀ ਧਿਆਨ ਰੱਖਦੇ ਰਹੇ ਹਨ ਪਰ ਉਨ੍ਹਾਂ ਸ਼ਹਿਰੀ ਇਲਾਕਿਆਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਐੱਮਪੀ ਕੋਟੇ ਦੇ ਬਹੁਤੇ ਫ਼ੰਡ ਉਨ੍ਹਾਂ ਨੇ ਰਾਏ ਸਿੱਖਾਂ ਦੀ ਬਹੁ–ਗਿਣਤੀ ਵਾਲੇ ਇਲਾਕਿਆਂ ਵਿੱਚ ਹੀ ਖ਼ਰਚ ਕੀਤੇ ਹਨ।

 

 

ਸ੍ਰੀ ਘੁਬਾਇਆ ਦੀ ਇੱਕੋ–ਇੱਕ ਵੱਡੀ ਪ੍ਰਾਪਤੀ ਇਹੋ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਇੱਕ ਪਾਸਪੋਰਟ ਕੇ਼ਦਰ ਦਾ ਉਦਘਾਟਨ ਬੀਤੇ ਦਿਨੀਂ ਹੋਇਆ ਹੈ। ਕੁਝ ਹੋਰਨਾਂ ਦਾ ਦੋਸ਼ ਹੈ ਕਿ ‘ਸ੍ਰੀ ਘੁਬਾਇਆ ਰਾਏ ਸਿੱਖਾਂ ਵਿੱਚ ਪਾਏ ਜਾਣ ਵਾਲੇ ਕੁਝ ਅਪਰਾਧੀ ਤੱਤਾਂ ਦੀ ਪੁਸ਼ਤ–ਪਨਾਹੀ ਵੀ ਕਰਦੇ ਹਨ।’

 

 

ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਜਦੋਂ ਸ੍ਰੀ ਘੁਬਾਇਆ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਤਾਕਤਵਰ ਸਨ, ਤਦ ਉਨ੍ਹਾਂ ਬਹੁਤ ਸਾਰੇ ਕਾਂਗਰਸੀਆਂ ਵਿਰੁੱਧ ਸਿਰਫ਼ ਸਿਆਸੀ ਲਾਹਾ ਲੈਣ ਲਈ ਝੂਠੇ ਕੇਸ ਦਰਜ ਕਰਵਾਏ ਸਨ।

 

 

ਜਦੋਂ ਸ੍ਰੀ ਸ਼ੇਰ ਸਿੰਘ ਘੁਬਾਇਆ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਨੂੰ ਜੇ ਉਹ ਇਸ ਹਲਕੇ ਤੋਂ ਕੋਈ ਉਮੀਦਵਾਰ ਜਿਤਾ ਸਕਦਾ ਹੈ, ਤਾਂ ਉਹ ਸਿਰਫ਼ ਉਹ ਖ਼ੁਦ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਕਿ ਉਨ੍ਹਾਂ ਨੇ ਕੇਂਦਰ ਤੋਂ ਮਿਲਣ ਵਾਲੇ ਸਾਰੇ 100% ਫ਼ੰਡ ਆਪਣੇ ਹਲਕੇ ਦੇ ਵਿਕਾਸ ਉੱਤੇ ਖ਼ਰਚ ਕੀਤੇ ਹਨ। ਉਨ੍ਹਾਂ ਅਜਿਹੇ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਕਿ ਉਹ ਸਿਰਫ਼ ਰਾਏ ਸਿੱਖਾਂ ਦਾ ਹੀ ਖਿ਼ਆਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਉਨ੍ਹਾਂ ਦੇ ਹਮਾਇਤੀ ਹਨ।

 

 

ਸ੍ਰੀ ਸੁਖਬੀਰ ਬਾਦਲ ਨਾਲ ਵਿਵਾਦ ਪੈਦਾ ਹੋਣ ਦੇ ਮੁੱਦੇ ’ਤੇ ਬੋਲਦਿਆਂ ਸ੍ਰੀ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਆਪਣੇ ਸਵੈਮਾਣ ਲਈ ਲੜੇ ਸਨ। ‘ਮੇਰੀ ਲੜਾਈ ਸੁਖਬੀਰ ਬਾਦਲ ਤੇ ਉਸ ਦੇ ਕੁਝ ਸਾਥੀਆਂ ਦੇ ਹੰਕਾਰ ਨਾਲ ਸੀ। ਸਾਲ 2009 ਵਿੱਚ ਮੈਂ ਉਨ੍ਹਾਂ ਲਈ ਆਪਣੀ ਵਿਧਾਇਕੀ ਛੱਡੀ ਸੀ ਪਰ ਉਨ੍ਹਾਂ ਮੇਰੀ ਉਸ ਕੁਰਬਾਨੀ ਲਈ ਕਦੇ ਕੋਈ ਕਦਰ ਨਹੀਂ ਪਾਈ। ਮੈਂ ਸੁਖਬੀਰ ਨੂੰ ਚੁਣੌਤੀ ਦਿੱਤੀ ਸੀ ਤੇ ਉਨ੍ਹਾਂ ਮੇਰਾ ਸਿਆਸੀ ਕਰੀਅਰ ਖ਼ਤਮ ਕਰਨ ਦਾ ਹਰ ਸੰਭਵ ਜਤਨ ਕੀਤਾ। ਉਨ੍ਹਾਂ ਮੇਰਾ ਅਕਸ ਵਿਗਾੜਨ ਲਈ ਹਰ ਹਰਬਾ ਵਰਤਿਆ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।’ ਉਨ੍ਹਾਂ ਇਸ ਦੋਸ਼ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਇਸ ਵਾਰ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਹਿਕਾ ਕਿ ਹਾਲ ਹੀ ਵਿੱਚ ਇੱਕ ਪਾਸਪੋਰਟ ਕੇਂਦਰ ਖੋਲ੍ਹਿਆ ਗਿਆ ਹੈ ਤੇ ਇੱਕ ਕੈਂਸਰ ਹਸਪਤਾਲ ਵੀ ਆ ਰਿਹਾ ਹੈ ਅਤੇ ਛੇਤੀ ਹੀ ਕੇਂਦਰ ਵੱਲੋਂ ਇਸ ਲਈ ਗ੍ਰਾਂਟਾਂ ਜਾਰੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

ਸ੍ਰੀ ਘੁਬਾਇਆ ਨੇ ਕਿਹਾ ਕਿ ਉਹ ਉਨ੍ਹਾਂ ਅਕਾਲੀ ਆਗੂਆਂ ਦਾ ਸਤਿਕਾਰ ਕਰਦੇ ਹਨ, ਜਿਹੜੇ ਇਸ ਵੇਲੇ ਸੁਖਬੀਰ ਬਾਦਲ ਦੇ ਹੰਕਾਰ ਵਿਰੁੱਧ ਲੜ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sher Singh Ghubaya from Brick Kiln Accountant to Millionaire MP