ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਪਿਓ-ਪੁੱਤਰ ਨੂੰ ਅਕਾਲੀ ਦਲ 'ਚੋਂ ਕੀਤਾ ਮੁਅੱਤਲ

ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਵਿਰੁੱਧ ਮੋਰਚਾ ਖੋਲ੍ਹਣ ਕਾਰਨ ਢੀਂਡਸਾ ਪਿਉ-ਪੁੱਤ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। 
 

ਜ਼ਿਕਰਯੋਗ ਹੈ ਕਿ ਬੀਤੀ 4 ਜਨਵਰੀ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਸੀ। ਬਾਦਲ ਨੇ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਪਾਰਟੀ ਦਾ ਨੇਤਾ ਥਾਪ ਦਿੱਤਾ ਸੀ।
 

ਉੱਧਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿਛਲੇ ਇੱਕ ਸਾਲ ਦੇ ਵੀ ਵੱਧ ਸਮੇਂ ਤੋਂ ਬਾਦਲਾਂ ਦੇ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਛੋਟੇ ਢੀਂਡਸਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਸੰਕਟ ਹੀ ਨਹੀਂ ਵਧਿਆ ਸਗੋਂ ਵੱਡੇ ਢੀਂਡਸਾ ਵੱਲੋਂ ਅਖ਼ਤਿਆਰ ਕੀਤੇ ਰਸਤੇ ਨੂੰ ਬਲ ਮਿਲਿਆ ਹੈ।
 

ਪਰਮਿੰਦਰ ਸਿੰਘ ਢੀਂਡਸਾ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਤੋਂ ਬਾਹਰ ਹੀ ਹਨ ਅਤੇ ਉਨ੍ਹਾਂ ਦਾ ਅਕਾਲੀ ਦਲ ਦੇ ਸਾਰੇ ਨੇਤਾਵਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ, ਖਾਸ ਕਰ ਬਾਦਲ ਪਰਿਵਾਰ ਨੇ ਭਾਵੇਂ ਪਿਛਲੇ ਡੇਢ ਕੁ ਮਹੀਨੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਮੁੱਖ ਧਾਰਾ 'ਚ ਆਉਣ ਦੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਸਨ ਪਰ ਬਾਦਲਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਛੋਟੇ ਢੀਂਡਸਾ ਆਪਣੇ ਪਿਤਾ ਦਾ ਰਸਤਾ ਅਖ਼ਤਿਆਰ ਕਰਦੇ ਹੋਏ ਪਾਰਟੀ ਨੂੰ ਨਮੋਸ਼ੀ ਵੱਲ ਧੱਕ ਜਾਣਗੇ।
 

ਲੰਘੇ ਦਸੰਬਰ ਮਹੀਨੇ ਤੋਂ ਹੀ ਜਦੋਂ ਵੱਡੇ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਟਕਸਾਲੀ ਅਕਾਲੀ ਦਲ ਦੀ ਸਟੇਜ ਤੋਂ 'ਬਾਗੀਆਂ' ਨੂੰ ਸੰਬੋਧਨ ਕੀਤਾ ਸੀ ਤਾਂ ਛੋਟੇ ਢੀਂਡਸਾ ਨੇ ਪਾਰਟੀ ਦੀਆਂ ਸਰਗਰਮੀਆਂ ਤੋਂ ਟਾਲਾ ਵੱਟ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiromani Akali dal suspends Sukhdev Singh Dhindsa and Parminder Dhindsa