ਬੀਤੇ ਦਿਨੀਂ ਅਜਨਾਲਾ ਪਿਓ–ਪੁੱਤਰ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਦਾ ਝਟਕਾ ਝੱਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ’ਚ ਇੱਕ ਕਾਨਫ਼ਰੰਸ ਰੱਖੀ ਗਈ ਹੈ; ਜਿੱਥੇ ਟਕਸਾਲੀ ਅਕਾਲੀ ਜਿੱਥੇ ਆਪਣੀ ਅਗਲੇਰੀ ਰਣਨੀਤੀ ਉਲੀਕਣਗੇ, ਉੱਥੇ ਉਹ ਮਾਝੇ ਸਮੇਤ ਸਮੁੱਚੇ ਪੰਜਾਬ ਦੇ ਨਿਵਾਸੀਆਂ ਨੂੰ ਆਪਣੀ ਹੋਂਦ ਦਾ ਅਹਿਸਾਸ ਵੀ ਕਰਵਾਉਣਗੇ।
ਇੱਥੇ ਵਰਨਣਯੋਗ ਹੈ ਕਿ ਬੀਤੀ 13 ਫ਼ਰਵਰੀ ਨੂੰ ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕਰ ਗਏ ਸਨ। ਟਕਸਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ ’ਚੋਂ ਵੱਖ ਹੋਏ ਨਾਰਾਜ਼ ਆਗੂਆਂ ਦਾ ਬਾਗ਼ੀ ਧੜਾ ਹੈ।
ਅੱਜ ਦੀ ਕਾਨਫ਼ਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਟਕਸਾਲੀ ਦਲ ਦੇ ਪ੍ਰਧਾਨ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਵੀ ਇਸ ਮੌਕੇ ਮੌਜੂਦ ਰਹਿਣਗੇ ਤੇ ਆਪਣੇ ਕਾਰਕੁੰਨਾਂ ਤੇ ਹੋਰ ਆਗੂਆਂ ਨੂੰ ਆਪਣੇ ਸੰਬੋਧਨ ਦੌਰਾਨ ਪ੍ਰੇਰਿਤ ਕਰਨਗੇ।
ਹੁਣ ਲੋਕਾਂ ’ਚ ਅਜਿਹੀ ਚਰਚਾ ਹੈ ਕਿ ਜੇ ਅਜਨਾਲਾ ਪਿਓ–ਪੁੱਤਰ ਟਕਸਾਲੀਆਂ ਤੋਂ ਵੱਖ ਹੋ ਗਏ ਹਨ; ਉਸ ਦੇ ਬਦਲੇ ਢੀਂਡਸਾ ਪਿਓ–ਪੁੱਤਰ ਉਨ੍ਹਾਂ ਨੂੰ ਮਿਲ ਗਏ ਹਨ। ਚੇਤੇ ਰਹੇ ਕਿ ਸ੍ਰੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਹਾਲੇ ਕੁਝ ਸਮਾਂ ਪਹਿਲਾਂ ਹੀ ਟਕਸਾਲੀ ਦਲ ਨਾਲ ਆਪਣੀ ਨੇੜਤਾ ਤੇ ਸਾਂਝ ਦਾ ਪ੍ਰਗਟਾਵਾ ਕੀਤਾ ਸੀ।
ਉੱਧਰ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ।