-- ਪੰਜਾਬ `ਚ 70,000 ਏਕੜ ਜ਼ਮੀਨਾਂ `ਤੇ ਨਾਜਾਇਜ਼ ਕਬਜ਼ੇ
-- ਪੰਜਾਬ ਸਰਕਾਰ ਸੂਬੇ `ਚ ਅਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਤੋਂ ਨਾਕਾਮ ਰਹੀ
-- ਚੰਡੀਗੜ੍ਹ ਦੇ ਨਿਯਮ ਬਦਲਣ ਵਿਰੁੱਧ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਰੋਸ ਵਜੋਂ ਚਿੱਠੀ
ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ `ਤੇ ਵਰ੍ਹਦਿਆਂ ਦੋਸ਼ ਲਾਇਆ ਹੈ ਕਿ ਉਹ ਪੰਜਾਬ ਖਿ਼ਲਾਫ਼ ਸਾਜਿ਼ਸ਼ ਰਚ ਰਹੀ ਹੈ ਅਤੇ ਪੰਜਾਬ ਦੇ ਅਟੁੱਟ ਅੰਗ ਚੰਡੀਗੜ੍ਹ ਨੂੰ ਹੁਣ ਪੰਜਾਬੀਆਂ ਤੋਂ ਖੋਹਿਆ ਜਾ ਰਿਹਾ ਹੈ।
ਸ੍ਰੀ ਸਿੱਧੂ ਅੱਜ ਗਾਂਧੀ ਜਯੰਤੀ ਮੌਕੇ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ` ਅਧੀਨ ਇੱਕ ਸਮਾਰੋਹ ਵਿੱਚ ਭਾਗ ਲੈਣ ਲਈ ਸੰਗਰੂਰ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹ੍ਹਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ `ਚ ਤੇ ਹੋਰ ਨੌਕਰੀਆਂ `ਚ ਪੰਜਾਬ ਤੇ ਹਰਿਆਣਾ ਦਾ ਅਨੁਪਾਤ ਕ੍ਰਮਵਾਰ 60% ਤੇ 40% ਰੱਖਿਆ ਜਾਵੇ।
ਸ੍ਰੀ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਨਵਾਂ ਨੋਟੀਫਿ਼ਕੇਸ਼ਨ ਆਇਆ ਹੈ, ਜਿਸ ਅਧੀਨ ਡੀਅੇੱਸਪੀ ਦੇ ਅਹੁਦੇ ਸਮੇਤ ਕਈ ਪ੍ਰਸ਼ਾਸਕੀ ਆਸਾਮੀਆਂ DANIPS ਕਾਡਰ ਅਧੀਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਤੁਲਨਾ ਹੋਰਨਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਇਹ ਪੰਜਾਬ ਪੁਨਰਗਠਨ ਕਾਨੂੰਨ 1966 ਦੀ ਉਲੰਘਣਾ ਹੈ। ‘ਅਸੀਂ ਚੰਡੀਗੜ੍ਹ ਨੂੰ ਪੰਜਾਬ ਦੇ ਹੱਥਾਂ `ਚੋਂ ਜਾਣ ਨਹੀਂ ਦੇਵਾਂਗੇ। ਅਸੀਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਵਾਂਗੇ।`
ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਪੁਨਰਗਠਨ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਹਰਿਆਣਾ ਤੇ ਹਿਮਾਚਲ ਦੇ ਗਠਨ ਤੋਂ ਬਾਅਦ ਪੰਜਾਬ ਪਹਿਲਾਂ ਹੀ ਆਪਣੇ ਅਹਿਮ ਇਲਾਕੇ ਗੁਆ ਚੁੱਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਅਕਾਲੀ ਦਲ `ਚ ਪੈਦਾ ਹੋਏ ਸੰਕਟ `ਤੇ ਟਿੱਪਣੀ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦਾ ਕਿਲਾ ਹੋਣ ਢਹਿ-ਢੇਰੀ ਹੋਣ ਜਾ ਰਿਹਾ ਹੈ ਕਿਉਂਕਿ ਮੁੱਖ ਥੰਮ੍ਹ ਡਿੱਗ ਚੁੱਕਾ ਹੈ ਤੇ ਮਾਝੇ ਦੇ ਨੀਲੀਆਂ ਦਸਤਾਰਾਂ ਵਾਲੇ ਹੋਰ ਵੀ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਰਹਿਣ ਲਈ ਤਿਆਰ ਨਹੀਂ ਸਨ; ਇਸੇ ਲਈ ਉਹ ਵੀ ਪਾਰਟੀ ਛੱਡ ਕੇ ਜਾ ਚੁੱਕੇ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ, ਜਿਨ੍ਹਾਂ ਨਾਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸਿ਼ਆਮ ਥੋਰੀ ਵੀ ਸਨ, ਨੇ ਮੰਨਿਆ ਕਿ ਸੂਬਾ ਸਰਕਾਰ ਪੰਜਾਬ `ਚੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਖ਼ਾਤਮਾ ਕਰਨ ਤੋਂ ਨਾਕਾਮ ਰਹੀ ਹੈ। ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸਿਆਸੀ ਤੇ ਅਸਰ-ਰਸੂਖ਼ ਵਾਲੇ ਲੋਕ ਚਰਾਗਾਹਾਂ ਵਾਲੀ 70 ਹਜ਼ਾਰ ਏਕੜ ਜ਼ਮੀਨ `ਤੇ ਗ਼ੈਰ-ਕਾਨੂੰਨੀ ਕਬਜ਼ਾ ਕਰੀ ਬੇਠੇ ਹਨ ਤੇ ਉਨ੍ਹਾਂ ਨੇ ਇਨ੍ਹਾਂ ਥਾਵਾਂ ਨੂੰ ਰਿਹਾਇਸ਼ੀ ਇਲਾਕਿਆਂ ਵਜੋਂ ਵਿਕਸਤ ਕਰ ਲਿਆ ਹੈ। ਸਰਕਾਰ ਨੇ ਹੁਣ ਤੱਕ 5,000 ਏਕੜ ਜ਼ਮੀਨ ਦਾ ਕਬਜ਼ਾ ਵਾਪਸ ਲਿਆ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਹੁਣ 1,000 ਏਕੜ ਅਜਿਹੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਗਊਆਂ ਨੂੰ ਚਰਨ ਲਈ ਭੇਜਿਆ ਜਾਵੇਗਾ।