ਪਾਕਿਸਤਾਨ ਚ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਉਲੀਕੇ ਜਾ ਰਹੇ ਸਮਾਗਮ ਚ ਸ਼ਾਮਲ ਹੋਣ ਜਾ ਰਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਨੇ ਨਿਸ਼ਾਨਾ ਵਿੰਨਿਆ ਹੈ।
ਪੰਜਾਬ ਸਰਕਾਰ ਚ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਤੇ ਉਨ੍ਹਾਂ ਨੂੰ ‘ਕੌਮ ਦਾ ਗੱਦਾਰ’ ਕਿਹਾ ਸੀ, ਹੁਣ ਉਹ ਖੁੱਦ ਪਾਕਿਸਤਾਨ ਜਾ ਰਹੀ ਹੈ। ਉਨ੍ਹਾਂ ਪੁੱਛਿਆ ਕਿ ਹੁਣ ਕਿਹੜੇ ਮੂੰਹ ਨਾਲ ਉਹ ਪਾਕਿਸਤਾਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ਚ ਸੀ ਤਾਂ ਵੀ ਹਰਸਿਮਰਤ ਨੇ ਕਰਤਾਰਪੁਰ ਕਾਰੀਡੋਰ ਦਾ ਮੁੱਦਾ ਨਹੀਂ ਸੀ ਚੁੱਕਿਆ।
ਸ਼ਨਿੱਚਰਵਾਰ ਨੂੰ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 28 ਨਵੰਬਰ ਨੂੰ ਕਰਤਾਰਪੁਰ ਚ ਸਮਾਗਮ ਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਚ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਸੀ। ਸੁਸ਼ਮਾ ਨੇ ਉਨ੍ਹਾਂ ਨੂੰ ਸੱਦਾ ਦੇਣ ਲਈ ਧੰਨਵਾਦ ਦਿੱਤਾ ਅਤੇ ਕਿਹਾ ਕਿ ਭਾਰਤ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਚ ਹਿੱਸਾ ਲੈਣ ਲਈ ਅਗਲੇ ਹਫਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੂਰੀ ਨੂੰ ਪਾਕਿਸਤਾਨ ਭੇਜੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਸੱਦੇ ਨੂੰ ਨਾਂਹ ਕਰ ਦਿੱਤੀ ਸੀ ਜਦਕਿ ਨਵਜੋਤ ਸਿੱਧੂ ਨੇ ਇਹ ਸੱਦਾ ਮੁੜ ਤੋਂ ਮੰਨ ਲਿਆ ਸੀ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪਾਕਿ ਚ ਬਣੀ ਨਵੀਂ ਸਰਕਾਰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਚ ਮਹਿਮਾਨ ਬਣ ਚੁੱਕੇ ਹਨ।
ਪਾਕਿਸਤਾਨ ਚ ਕਰਤਾਰਪੁਰ ਸਾਹਿਬ, ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦੇ ਡੇਰਾ ਬਾਬਾ ਨਾਨਕ ਧਾਰਮਿਕ ਸਥਾਨ ਤੋਂ ਲਗਭਗ 4 ਕਿਲੋਮੀਟਰ ਦੂਰ ਰਾਵੀ ਦਰਿਆ ਕੋਲ ਸਥਿਤ ਹੈ। ਇਹ ਗੁਰਦੁਆਰਾ 1522 ਚ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਇੱਥੇ ਹੀ ਬਤੀਤ ਕੀਤਾ ਸੀ।