ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇੰਗਲੈਂਡ 'ਚ ਸਥਿੱਤ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਸਮੂਹਕ ਫੈਸਲਾ ਕੀਤਾ ਹੈ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਉਨ੍ਹਾਂ ਦੇ ਸਾਥੀ ਹਰਿੰਦਰ ਸਿੰਘ ਖ਼ਾਲਸਾ ਜੱਥਾ ''ਨਿਰਵੈਰ ਖ਼ਾਲਸਾ ਜੱਥਾ ਯੂਕੇ'' ਨੂੰ ਪ੍ਰਚਾਰ ਨਹੀਂ ਕਰਨ ਦੇਣਗੇ।
ਸਿੱਖ ਕੌਂਸਲ ਯੂਕੇ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਕੰਧੋਲਾ ਨੇ ਦੱਸਿਆ ਕਿ ਗੁਰਦੁਆਰਾ ਹਰਿ ਰਾਏ ਸਾਹਿਬ ਵਿਖੇ ਬੀਤੇ ਸ਼ਨਿੱਚਰਵਾਰ ਨੂੰ 50 ਤੋਂ ਵੱਧ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਠਨਾਂ ਦੀ ਮੀਟਿੰਗ ਹੋਈ। ਇਸ ਮੀਟਿੰਗ 'ਚ ਦੇਸ਼ ਦੇ 100 ਤੋਂ ਵੱਧ ਸਿੱਖ ਨੁਮਾਇੰਦਿਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ।
ਮੀਟਿੰਗ 'ਚ ਕਿਹਾ ਗਿਆ ਕਿ ਢੱਡਰੀਆਂ ਵਾਲੇ ਤੇ ਇੰਗਲੈਂਡ ਵਾਸੀ ਹਰਿੰਦਰ ਸਿੰਘ ਖ਼ਾਲਸਾ ਜੱਥਾ ''ਨਿਰਵੈਰ ਖ਼ਾਲਸਾ ਜੱਥਾ ਯੂਕੇ'' ਵੱਲੋਂ ਬਿਨਾਂ ਕਿਸੇ ਅਧਾਰ 'ਤੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਦੇ ਅਲੋਕਿਕ ਵਰਤਾਰੇ ਪ੍ਰਤੀ ਅਤਿ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿਹਾ ਕਿ ਨਾਨਕ ਜੀ ਦੇ ਬਹੁਤ ਦੁਸ਼ਮਣ ਸਨ। ਗੁਰੂ ਸਾਹਿਬ ਨੂੰ ਅਗਵਾ ਕਰ ਲਏ ਜਾਣ ਤੇ ਫਿਰ ਕਤਲ ਕਰ ਦਿੱਤੇ ਜਾਣ ਬਾਰੇ ਕੂੜ ਪ੍ਰਚਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਕੂੜ ਦੇ ਪ੍ਰਚਾਰਕ ਹਰਿੰਦਰ ਸਿੰਘ ਖ਼ਾਲਸਾ ਜਥਾ ''ਨਿਰਵੈਰ ਖ਼ਾਲਸਾ ਜੱਥਾ ਯੂਕੇ'' ਵੱਲੋਂ ਹਿੰਦੂਆਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ ਦਾ ਦਰਜਾ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਪ੍ਰਤੀ ਵਿਵਾਦ ਖੜ੍ਹੇ ਕਰਦਿਆਂ ਸਿੱਖ ਤੇ ਨਾਨਕ ਨਾਮ ਲੇਵਾ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ
ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਪੰਥ ਦੋਖੀਆਂ ਦੇ ਹੱਥਾਂ 'ਚ ਖੇਡਦਿਆਂ ਸਿੱਖਾਂ 'ਚ ਖਾਨਾਜੰਗੀ ਵਰਗੇ ਹਾਲਾਤ ਪੈਦਾ ਕਰਨ 'ਚ ਲੱਗਾ ਹੋਇਆ ਹੈ ਅਤੇ ਦੂਜੇ ਵਰਗਾਂ-ਭਾਈਚਾਰਿਆਂ ਪ੍ਰਤੀ ਵੀ ਨਫਰਤ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਢੱਡਰੀਆਂ ਵਾਲਿਆਂ ਵਰਗਿਆਂ ਨੂੰ ਕੌਮੀ ਭਾਵਨਾਵਾਂ ਨਾਲ ਖਿਲਵਾੜ ਦੀ ਇਜਾਜਤ ਨਹੀਂ ਦੇਵੇਗੀ।