ਦਿੱਲੇ ਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ 'ਚ ਕਥਿਤ ਬੇਨਿਯਮੀਆਂ, ਮਾਲਕੀ ਅਤੇ ਵਿੱਤੀ ਗੜਬੜੀਆਂ ਦੇ ਸਬੰਧ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੋਟਿਸ ਲੈਂਦਿਆਂ ਸੰਮਨ ਜਾਰੀ ਕੀਤਾ ਸੀ। ਇਸ ਦੇ ਤਹਿਤ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਅੱਜ ਸਵੇਰੇ 10 ਵਜੇ ਸਕੂਲ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਸ਼ਿਕਾਇਤਾਂ ਨਾਲ ਅਕਾਲ ਤਖਤ ਸਾਹਿਬ 'ਚ ਪੇਸ਼ ਹੋਏ।

ਦੱਸ ਦੇਈਏ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ ਦੀ ਮਾਲਕੀ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਵਿਰੁੱਧ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ।
ਤਸਵੀਰਾਂ : ਸਮੀਰ ਸਹਿਗਲ
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਸੀ ਕਿ ਅਦਾਲਤ ਦੇ ਆਦੇਸ਼ਾਂ ਅਨੁਸਾਰ ਸਕੂਲ ਦੀ ਮਲਕੀਅਤ ਸ਼੍ਰੋਮਣੀ ਕਮੇਟੀ ਦੀ ਹੈ, ਪਰ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੁਸਾਇਟੀ ਨੂੰ ਹਾਲ ਹੀ ਵਿੱਚ ਮੌਜੂਦਾ ਪ੍ਰਧਾਨ ਸਿਰਸਾ ਵੱਲੋਂ ਸਕੂਲ ਦੀ ਜਾਇਦਾਦ ਨੂੰ ਹਥਿਆਉਣ ਦੇ ਉਦੇਸ਼ ਨਾਲ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਇਸ ਨੂੰ ਕਮੇਟੀ ਨੂੰ ਸੌਂਪ ਦਿੱਤਾ ਸੀ।
ਆਪਣੀ ਸ਼ਿਕਾਇਤ 'ਚ ਜੀ.ਕੇ. ਨੇ 2.99 ਏਕੜ 'ਚ ਸਥਾਪਿਤ ਲਗਭਗ 500 ਕਰੋੜ ਰੁਪਏ ਦੀ ਕੀਮਤ ਦੇ ਉਕਤ ਸਕੂਲ 'ਤੇ ਕਬਜ਼ੇ ਲਈ ਸਿਰਸਾ ਦੀ ਨੀਅਤ 'ਚ ਖੋਟ ਹੋਣ ਦਾ ਦਾਅਵਾ ਕੀਤਾ ਸੀ।