ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਨੇ ਸਾਲ 2015 ਦੌਰਾਨ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਵੱਲੋਂ ਕਾਇਮ ਕੀਤੀ ‘SIT’ ਨੂੰ ਸੰਮਨ ਭੇਜੇ ਹਨ। ਬਾਦਲਾਂ ਵੱਲੋਂ ਬਣਾਈ ਗਈ ਉਸ SIT ਦੇ ਸਾਰੇ ਮੈਂਬਰਾਂ ਨੂੰ ਸੋਮਵਾਰ ਨੂੰ ਚੰਡੀਗੜ੍ਹ ’ਚ ਪੁੱਜਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਚਾਰ ਵਰ੍ਹੇ ਪੁਰਾਣੀ ਉਸ SIT ਦੀ ਅਗਵਾਈ ਏਡੀਜੀਪੀ ਆਈਪੀਐੱਸ ਸਹੋਤਾ ਕਰ ਰਹੇ ਸਨ ਤੇ ਉਦੋਂ ਦੇ ਫ਼ਿਰੋਜ਼ਪੁਰ ਤੇ ਬਠਿੰਡਾ ਰੇਂਜਸ ਦੇ ਡੀਆਈਜੀ ਅਮਰ ਸਿੰਘ ਚਾਹਲ ਤੇ ਰਣਬੀਰ ਸਿੰਘ ਖਟੜਾ ਇਸ ਦੇ ਮੈਂਬਰ ਸਨ।
14 ਅਕਤੂਬਰ, 2015 ਨੂੰ ਵਾਪਰੇ ਗੋਲੀਕਾਂਡ ਦੇ ਇੱਕ ਹਫ਼ਤੇ ਬਾਅਦ ਸ੍ਰੀ ਸਹੋਤਾ ਦੀ ਅਗਵਾਈ ਹੇਠਲੀ SIT ਨੇ ਕਤਲ, ਕਾਤਲਾਨਾ ਹਮਲੇ ਦੀ ਕੋਸ਼ਿਸ਼ ਦਾ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਸੀ ਤੇ ਉਸ ਵਿੱਚ ਹਥਿਆਰਾਂ ਨਾਲ ਸਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ ਸਨ। ਤਦ ਐੱਫ਼ਆਈਆਰ ਅਣਪਛਾਤੇ ਪੁਲਿਸ ਅਧਿਕਾਰੀਆਂ ਵਿਰੁੱਧ ਦਾਇਰ ਕੀਤੀ ਗਈ ਸੀ।
ਉਸ SIT ਨੇ ਮੁਢਲੀ ਜਾਂਚ ਦੌਰਾਨ ਪਾਇਆ ਸੀ ਕਿ ਪੁਲਿਸ ਗੋਲੀਬਾਰੀ ਦੌਰਾਨ ਦੋ ਸਿੱਖ ਨੌਜਵਾਨ – ਕ੍ਰਿਸ਼ਨ ਭਗਵਾਨ ਸਿੰਘ ਨਿਵਾਸੀ ਬਹਿਬਲ ਖੁਰਦ ਤੇ ਗੁਰਜੀਤ ਸਿੰਘ ਨਿਵਾਸੀ ਪਿੰਡ ਸਰਾਵਾਂ ਮਾਰੇ ਗਏ ਸਨ। ਪੋਸਟ–ਮਾਰਟਮ ਰਿਪੋਰਟ ਵਿੱਚ ਵੀ ਇਸੇ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਨ੍ਹਾਂ ਦੋਵਾਂ ਦੀ ਮੌਤ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਣ ਤੋਂ ਬਾਅਦ ਹੋਈ ਸੀ।
ਨਵੀਂ SITਦੀ ਜਾਂਚ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ ਸਬੂਤਾਂ ਨਾਲ ਕਥਿਤ ਤੌਰ ਉੱਤੇ ਛੇੜਖਾਨੀ ਕੀਤੀ ਗਈ ਸੀ। ਇਸ ਨੇ ਆਪਣੀ ਹਾਲੀਆ ਜਾਂਚ ਦੇ ਆਧਾਰ ਉੱਤੇ ਇਹ ਵੀ ਦਾਅਵਾ ਕੀਤਾ ਸੀ ਕਿ ਇੱਕ ਐਸਕਾਰਟ ਜਿਪਸੀ ਉੱਤੇ ਗੋਲੀਆਂ ਦੇ ਨਿਸ਼ਾਨ ਗੋਲੀਕਾਂਡ ਦੀ ਘਟਨਾ ਵਾਪਰਨ ਤੋਂ ਬਾਅਦ ਗੋਲੀਆਂ ਮਾਰ ਕੇ ਬਣਾਏ ਗਏ ਸਨ।
ਉਸ ਮਾਮਲੇ ਵਿੱਚ ਹੁਣ ਉਦੋਂ ਦੇ ਫ਼ਾਜ਼ਿਲਕਾ ਦੇ ਐੱਸਪੀ – ਡਿਟੈਕਟਿਵ ਬਿਕਰਮਜੀਤ ਸਿੰਘ ਵੀ ਸ਼ੱਕ ਦੇ ਘੇਰੇ ਵਿੱਚ ਹਨ। ਬਿਕਰਮਜੀਤ ਸਿੰਘ ਦਾ ਨਾਂਅ ਮੁਲਜ਼ਮਾਂ ਦੀ ਸੂਚੀ ਵਿੱਚ ਮੌਜੂਦ ਹੈ। SIT ਇਹ ਜਾਂਚ ਵੀ ਕਰ ਰਹੀ ਹੈ ਕਿ ਮ੍ਰਿਤਕ ਦੇਹਾਂ ਵਿੱਚੋਂ ਕੱਢੀਆਂ ਗੋਲੀਆਂ ਨਾਲ ਵੀ ਕੋਈ ਕਥਿਤ ਛੇੜਖਾਨੀ ਕੀਤੀ ਗਈ ਸੀ ਜਾਂ ਨਹੀਂ।
ਇੱਥੇ ਵਰਨਣਯੋਗ ਹੈ ਕਿ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਜਾਂਚ–ਰਿਪੋਰਟ ਵਿੱਚ ਸ੍ਰੀ ਸਹੋਤਾ ਦੀ ਅਗਵਾਈ ਹੇਠਲੀ SIT ਦੀ ਕਾਰਗੁਜ਼ਾਰੀ ਉੱਤੇ ਸੁਆਲ ਉਠਾਉਂਦਿਆਂ ਕਿਹਾ ਸੀ ਕਿ ਉਸ ਦੀ ਜਾਂਚ ਦੌਰਾਨ ਕੋਈ ਪ੍ਰਗਤੀ ਨਹੀਂ ਹੋ ਸਕੀ ਸੀ। ਉਸ ਰਿਪੋਰਟ ਵਿੱਚ ਲਿਖਿਆ ਸੀ ਕਿ – ‘ਇੰਝ ਜਾਪਦਾ ਹੈ ਕਿ SIT ਨੇ ਸਿਰਫ਼ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਸਹੋਤਾ ਇਸ ਪ੍ਰਸ਼ਨ ਦੀ ਕੋਈ ਵਾਜਬ ਵਿਆਖਿਆ ਨਹੀਂ ਕਰ ਸਕੇ ਸਨ ਕਿ ਆਖ਼ਰ ਦੋ ਕਤਲਾਂ ਦੀ ਜਾਂਚ ਵਿੱਚ ਕੋਤਾਹੀ ਕਿਉਂ ਵਰਤੀ ਗਈ?’