ਸਾਲ 2015 `ਚ ਬਰਗਾੜੀ ਵਿਖੇ ਵਾਪਰੀ ਪੁਲਿਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ` (SIT - Special Investigation Team) ਨੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਉਸ ਵੇਲੇ ਦੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੋਂ ਪੁੱਛਗਿੱਛ ਕੀਤੀ।
ਸੂਤਰਾਂ ਨੇ ਦੱਸਿਆ ਕਿ ਬਰਾੜ ਤੋਂ ਜਿ਼ਆਦਾਤਰ ਕੋਟਕਪੂਰਾ ਗੋਲੀਬਾਰੀ ਦੀ ਘਟਨਾ ਬਾਰੇ ਸੁਆਲ ਕੀਤੇ ਗਏ।
ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਚ ਦੱਸਿਆ ਗਿਆ ਸੀ ਕਿ ਗਗਨਦੀਪ ਸਿੰਘ ਬਰਾੜ (ਜੋ ਹੁਣ ਪਸ਼ੂ-ਪਾਲਣ, ਮੱਛੀ-ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਹਨ) ਨੇ ਹੀ ਕੋਟਕਪੂਰਾ ਗੋਲੀਕਾਂਡ ਦੀ ਇੱਕ ਰਾਤ ਪਹਿਲਾਂ 13 ਅਕਤੂਬਰ, 2015 ਨੂੰ ਪ੍ਰਕਾਸ਼ ਸਿੰਘ ਦੀ ਗੱਲਬਾਤ ਕੋਟਕਪੂਰਾ ਦੇ ਉਦੋਂ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਨਾਲ ਕਰਵਾਈ ਸੀ।
ਰਿਪੋਰਟ `ਚ ਲਿਖਿਆ ਹੈ,‘ਗਗਨਦੀਪ ਸਿੰਘ ਬਰਾੜ ਉਸ ਰਾਤ ਮੁੱਖ ਮੰਤਰੀ ਦੇ ਘਰ ਗਏ ਸਨ ਤੇ ਉਨ੍ਹਾਂ ਮਨਤਾਰ ਦੇ ਫ਼ੋਨ ਨੰਬਰ `ਤੇ ਜਿ਼ਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਵਾਈ ਸੀ।` ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਰਾੜ ਨੂੰ ਕਮਿਸ਼ਨ ਨੇ ਸੱਦਿਆ ਸੀ ਪਰ ਉਨ੍ਹਾਂ ਨੇ ਸਾਰੇ ਹੀ ਸੁਆਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਸੀ। ਉਨ੍ਹਾਂ ਤਦ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਚੇਤੇ ਨਹੀਂ ਹੈ ਕਿ ਉਨ੍ਹਾਂ ਨੂੰ ਤਦ ਕੋਈ ਕਾਲ ਆਈ ਸੀ ਜਾਂ ਨਹੀਂ।
ਕਮਿਸ਼ਨ ਦਾ ਇਹ ਮੰਨਣਾ ਸੀ ਕਿ ਇਸ ਗਵਾਹ ਨੂੰ ਹਰ ਗੱਲ ਦੀ ਪੂਰੀ ਜਾਣਕਾਰੀ ਹੈ ਪਰ ਉਸ ਨੇ ਚੇਤੇ ਨਾ ਹੋਣ ਦੀ ਗੱਲ ਐਂਵੇਂ ਹੀ ਆਖ ਦਿੱਤੀ ਹੈ।