ਸਾਲ 2015 ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਨੇ ਅੱਜ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਤੋਂ ਫ਼ਰੀਦਕੋਟ ਦੇ ਸਦਰ ਪੁਲਿਸ ਥਾਣੇ ਵਿੱਚ ਤਿੰਨ ਘੰਟੇ ਪੁੱਛਗਿੱਛ ਕੀਤੀ। ਏਡੀਜੀਪੀ ਪ੍ਰਭੋਦ ਕੁਮਾਰ ਦੀ ਅਗਵਾਈ ਹੇਠਲੀ SIT ਦੇ ਪੰਜ ਮੈਂਬਰ ਇਸ ਦੌਰਾਨ ਹਾਜ਼ਰ ਰਹੇ।
ਚਰਨਜੀਤ ਸ਼ਰਮਾ ਨੂੰ ਐਤਵਾਰ ਵੱਡੇ ਤੜਕੇ ਹੁਸ਼ਿਆਰਪੁਰ ਸਥਿਤ ਉਸ ਦੀ ਰਿਹਾਇਸ਼ਗਾਹ ਤੋਂ ਗ੍ਰਿਫ਼ਤਾਰ ਕੀਤਾ ਸੀ। ਤਦ ਉਹ ਦੇਸ਼ ’ਚੋਂ ਫ਼ਰਾਰ ਹੋ ਕੇ ਕਿਸੇ ਹੋਰ ਦੇਸ਼ ਜਾਣ ਦੀ ਯੋਜਨਾ ਉਲੀਕ ਰਿਹਾ ਸੀ। ਕੱਲ੍ਹ ਹੀ ਦੇਰ ਰਾਤੀਂ ਡਿਊਟੀ ਮੈਜਿਸਟ੍ਰੇਟ ਨੇ ਉਸ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ।
SIT ਦੇ ਚੇਅਰਮੈਨ ਅਤੇ ਏਡੀਜੀਪੀ ਪ੍ਰਬੋਧ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਬਕਾ ਪੁਲਿਸ ਅਧਿਕਾਰੀ ਤੋਂ ਤਿੰਨ ਘੰਟੇ ਪੁੱਛਗਿੱਛ ਕੀਤੀ। ‘ਅਸੀਂ ਇਸ ਜਾਂਚ ਨੂੰ ਹੁਣ ਛੇਤੀ ਤੋਂ ਛੇਤੀ ਨਿਬੇੜਨ ਦਾ ਜਤਨ ਕਰ ਰਹੇ ਹਾਂ। ਅਸੀਂ ਇਸ ਪ੍ਰਕਿਰਿਆ ਦੌਰਾਨ ਪੂਰੀ ਤਰ੍ਹਾਂ ਨਿਰਪੱਖ ਹੀ ਰਹਾਂਗੇ।’ ਚਰਨਜੀਤ ਸ਼ਰਮਾ ਤੋਂ ਇਲਾਵਾ ਕੁਝ ਹੋਰ ਪੁਲਿਸ ਮੁਲਾਜ਼ਮਾਂ ਤੇ ਬਹਿਬਲ ਕਲਾਂ ਪਿੰਡ ਸੁਰਜੀਤ ਸਿੰਘ ਤੇ ਬੇਅੰਤ ਸਿੰਘ ਜਿਹੇ ਆਮ ਵਿਅਕਤੀਆਂ ਦੇ ਬਿਆਨ ਵੀ ਰਿਕਾਰਡ ਕੀਤੇ। ਇਹ ਸਭ SIT ਦੇ ਫ਼ਰੀਦਕੋਟ ਸਥਿਤ ਕੈਂਪ ਦਫ਼ਤਰ ’ਚ ਕੀਤਾ ਗਿਆ। ਇਹ ਬੇਅੰਤ ਸਿੰਘ ਉਹੀ ਸਨ, ਜੋ ਸਾਲ 2015 ਦੌਰਾਨ ਪੁਲਿਸ ਕਾਰਵਾਈ ਵੇਲੇ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ।
ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਚਰਨਜੀਤ ਸ਼ਰਮਾ ਨੂੰ ਫ਼ਰੀਦਕੋਟ ਦੇ ਸਦਰ ਪੁਲਿਸ ਥਾਣੇ ਵਿੱਚ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚਰਨਜੀਤ ਸ਼ਰਮਾ ਤੋਂ ਬਹਿਬਲ ਕਲਾਂ ਗੋਲੀਕਾਂਡ ਤੇ ਕੋਟਕਪੂਰਾ ਗੋਲੀਕਾਂਡ ਬਾਰੇ ਬਹੁਤ ਸਾਰੇ ਸੁਆਲ ਗੀਤੇ ਗਏ। ਇਹ ਵੀ ਪੁੱਛਿਆ ਗਿਆ ਕਿ ਇਹ ਸਭ ਕੁਝ ਵਾਪਰਿਆ ਕਿਵੇਂ ਸੀ। 14 ਅਕਤੂਬਰ, 2015 ਨੂੰ ਬਹਿਬਲ ਕਲਾਂ ਵਿਖੇ ਬੇਅਦਬੀ ਦੀਆਂ ਘਟਨਾਵਾਂ ਵਿਖੇ ਕਈ ਲੋਕ ਰੋਸ ਮੁਜ਼ਾਹਰਾ ਕਰ ਰਹੇ ਸਨ ਤੇ ਉਸ ਉੱਤੇ ਪੁਲਿਸ ਦੀ ਇੱਕ ਟੀਮ ਨੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ।