ਪੰਜਾਬ ਪੁਲਿਸ ਵੱਲੋਂ ਤਿੰਨ ਵਰ੍ਹੇ ਪਹਿਲਾਂ ਆਮ ਲੋਕਾਂ `ਤੇ ਕੀਤੀ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ 'ਵਿਸ਼ੇਸ਼ ਜਾਂਚ ਟੀਮ' (SIT - Special Investigation Team) ਨੇ ਅੱਜ ਸੂਬੇ ਦੇ ਮੁੱਖ ਸੰਸਦੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਤਾਰ ਸਿੰਘ ਬਰਾੜ, ਕੋਟਕਪੂਰਾ ਦੇ ਉਦੋਂ ਦੇ ਐੱਸਡੀਐੱਮ ਹਰਜੀਤ ਸਿੰਘ ਸੰਧੂ ਅਤੇ ਕੋਟਕਪੂਰਾ ਦੇ ਉਦੋਂ ਦੇ ਡੀਐੱਸਪੀ ਬਲਜੀਤ ਸਿੰਘ ਤੋਂ ਫ਼ਰੀਦਕੋਟ ਸਥਿਤ ਕੈਂਪ ਆਫਿ਼ਸ `ਚ ਪੁੱਛਗਿੱਛ ਕੀਤੀ। ਸ੍ਰੀ ਮਨਤਾਰ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਸ਼ਾਸਨ ਨੁੰ ਉਦੋਂ ਬਹੁਤ ਹੀ ਸ਼ਾਂਤੀਪੂਰਨ ਢੰਗ ਨਾਲ ਹਾਲਾਤ ਨਾਲ ਨਿਪਟਣ ਦੀ ਹਦਾਇਤ ਪ੍ਰਸ਼ਾਸਨ ਨੂੰ ਕੀਤੀ ਸੀ।
ਕੋਟਕਪੂਰਾ ਗੋਲੀਕਾਂਡ ਦੇ ਮਾਮਲੇ `ਚ ਵਿਸ਼ੇਸ਼ ਜਾਂਚ ਟੀਮ ਨੇ ਅੱਜ ਦੀ ਸਾਰੀ ਪੁੱਛਗਿੱਛ ਦੀ ਵਿਡੀਓਗ੍ਰਾਫ਼ੀ ਵੀ ਕੀਤੀ ਹੈ। ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਕਰ ਰਹੇ ਹਨ।
ਸ੍ਰੀ ਮਨਤਾਰ ਬਰਾੜ ਨੂੰ ਇਸ ਤੋਂ ਪਹਿਲਾਂ 1 ਨਵੰਬਰ ਨੂੰ ਵੀ ਪੁੱਛਗਿੱਤ ਲਈ ਸੱਦਿਆ ਗਿਆ ਸੀ; ਪਰ ਤਦ ਉਨ੍ਹਾਂ ਨਿਜੀ ਰੁਝੇਵਿਆਂ ਕਾਰਨ ਇਸ ਵਿਸ਼ੇਸ਼ ਜਾਂਚ ਟੀਮ ਸਾਹਵੇਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਕੋਟਕਪੂਰਾ `ਚ ਉਦੋਂ ਦੇ ਐੱਸਡੀਐੱਮ ਹਰਜੀਤ ਸਿੰਘ ਸੰਧੂ ਦਾ ਬਿਆਨ ਵੀ ਬਹੁਤ ਅਹਿਮ ਹੈ ਕਿਉਂਕਿ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਉਨ੍ਹਾਂ ਖਿ਼ਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੋਈ ਹੈ।
ਇਸ ਜਾਂਚ ਟੀਮ ਨੇ ਆਉਂਦੀ 14 ਨਵੰਬਰ ਨੂੰ ਆਪਣੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪਣੀ ਹੈ। ਇਸ ਟੀਮ ਨੇ ਆਪਣੀ ਜਾਂਚ ਬੀਤੀ 12 ਅਕਤੂਬਰ ਨੂੰ ਸ਼ੁਰੂ ਕੀਤੀ ਸੀ। ਉਸ ਦੀ ਜਾਂਚ ਇਸ ਵੇਲੇ ਜੰਗੀ ਪੱਧਰ `ਤੇ ਚੱਲ ਰਹੀ ਹੈ।
ਪਿਛਲੇ ਹਫ਼ਤੇ ਇਸ ਟੀਮ ਨੇ ਬਠਿੰਡਾ `ਚ ਉਦੋਂ ਦੇ ਆਈਜੀ ਜਿਤੇਂਦਰ ਜੈਨ, ਲੁਧਿਆਣਾ ਦੇ ਉਦੋਂ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਤੋਂ ਵੀ ਪੁੱੱਛਗਿੱਛ ਕੀਤੀ ਸੀ ਕਿਉਂਕਿ 14 ਅਕਤੂਬਰ, 2015 ਨੂੰ ਕੋਟਕਪੂਰਾ `ਚ ਬੇਅਦਬੀ ਖਿ਼ਲਾਫ਼ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ `ਤੇ ਗੋਲੀਬਾਰੀ ਸਮੇਂ ਇਹ ਸਾਰੇ ਅਧਿਕਾਰੀ ਮੌਕੇ `ਤੇ ਮੌਜੂਦ ਸਨ।
ਸੰਪਰਕ ਕੀਤੇ ਜਾਣ `ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਦੀ ਪੁੱਛਗਿੱਛ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹਰੇਕ ਤੋਂ ਬੇਹੱਦ ਨਿਆਂਪੂਰਨ ਤੇ ਪਾਰਦਰਸ਼ੀ ਤਰੀਕੇ ਨਾਲ ਪੁੱਛਗਿੱਛ ਕੀਤੀ ਹੈ।
ਸ੍ਰੀ ਮਨਤਾਰ ਸਿੰਘ ਬਰਾੜ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਹ ਗੋਲੀਬਾਰੀ ਮੌਕੇ ਘਟਨਾ ਸਥਾਨ `ਤੇ ਮੌਜੂਦ ਨਹੀਂ ਸਨ। ਪਰ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ `ਚ ਕਿਹਾ ਹੈ ਕਿ ਸ੍ਰੀ ਬਰਾੜ ਕਿਉਂਕਿ ਸਥਾਨਕ ਵਿਧਾਇਕ ਸਨ, ਇਸ ਲਈ ਉਹ ਲਗਾਤਾਰ ਮੁੱਖ ਮੰਤਰੀ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਸਨ।