ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT - Special Investigation Team) ਨੇ ਅੱਜ ਸਾਬਕਾ ਵਿਧਾਇਕ (Ex-MLA) ਹਰਬੰਸ ਜਲਾਲ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਹਿਯੋਗੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਪੁੱਛਗਿੱਛ ਕੀਤੀ। ਜਾਂਚ ਟੀਮ ਨੇ ਦੋ ਆਮ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ, ਜੋ ਕੋਟਕਪੂਰਾ ਗੋਲੀਕਾਂਡ ਦੇ ਸਿ਼ਕਾਇਤਕਰਤਾ ਅਜੀਤ ਸਿੰਘ ਨੂੰ ਲੈ ਕੇ ਆਏ ਸਨ।
ਇਹ ਬਿਆਨ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਤੇ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਫ਼ਰੀਦਕੋਟ ਸਥਿਤ ਕੈਂਪ ਆਫਿ਼ਸ `ਚ ਦਰਜ ਕੀਤੇ ਗਏ। ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਮਾਮਲੇ `ਤੇ ਕਾਰਵਾਈ ਕਰਦਿਆਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਸਮੇਤ ਵੱਖੋ-ਵੱਖਰੇ ਹਸਪਤਾਲਾਂ ਦੇ ਮੈਡੀਕਲ ਰਿਕਾਰਡ ਇਕੱਠੇ ਕੀਤੇ।
ਬਠਿੰਡਾ ਜਿ਼ਲ੍ਹੇ ਦੇ ਫੂਲ ਹਲਕੇ ਤੋਂ ਸਾਬਕਾ ਵਿਧਾਇਕ ਹਰਬੰਸ ਜਲਾਲ ਦੁਜੀ ਵਾਰ ਵਿਸ਼ੇਸ਼ ਜਾਂਚ ਟੀਮ ਸਾਹਵੇਂ ਪੇਸ਼ ਹੋਏ। ਉਨ੍ਹਾਂ ਇਸੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵੀ ਆਪਣਾ ਬਿਆਨ ਇਸ ਟੀਮ ਕੋਲ ਦਰਜ ਕਰਵਾਇਆ ਸੀ।
ਸ੍ਰੀ ਜਲਾਲ ਨੇ ਦੱਸਿਆ ਕਿ ਉਹ ਆਪਣੇ ਪਹਿਲੇ ਬਿਆਨ ਨੂੰ ਥੋੜ੍ਹਾ ਵਧੇਰੇ ਸਪੱਸ਼ਟ ਕਰਨ ਲਈ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ - ‘ਸਾਰੇ ਅਕਾਲੀ ਬਰਗਾੜੀ ਬੇਅਦਬੀ ਕਾਂਡ ਵਿੱਚ ਸ਼ਾਮਲ ਨਹੀਂ ਸਨ, ਸਗੋਂ ਇਸ ਮਾਮਲੇ ਦੀ ਸਾਜਿ਼ਸ਼ ਨਾਲ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਬਠਿੰਡਾ ਦਾ ਇੱਕ ਸੀਨੀਅਰ ਅਕਾਲੀ ਆਗੂ ਜੁੜਿਆ ਰਿਹਾ ਹੈ।`
ਸ੍ਰੀ ਜਲਾਲ ਨੇ ਕਿਹਾ,‘ਮੈਂ ਆਪਣੇ ਉਸ ਬਿਆਨ `ਤੇ ਹਾਲੇ ਵੀ ਡਟਿਆ ਹੋਇਆ ਹਾਂ ਕਿ ਡੇਰਾ ਸਿਰਸਾ ਮੁਖੀ ਦੀ ਫਿ਼ਲਮ ਰਿਲੀਜ਼ ਕਰਨ ਦੇ ਮਾਮਲੇ `ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵਿਚਾਲੇ ਸਮਝੌਤਾ ਹੋਇਆ ਸੀ।` ਸ੍ਰੀ ਜਲਾਲ ਦੇ ਇਸ ਦਾਅਵੇ ਨੂੰ ਅਕਸ਼ੇ ਕੁਮਾਰ ਤੇ ਸੁਖਬੀਰ ਬਾਦਲ ਦੋਵੇਂ ਹੀ ਮੁੱਢੋਂ ਰੱਦ ਕਰ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ `ਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਬਾਰੇ ਉਹ ਪਹਿਲਾਂ ਦੱਸ ਚੁੱਕੇ ਹਨ। ‘ਅਸੀਂ ਇਸ ਸਾਰੀ ਸਾਜਿ਼ਸ਼ ਪਿੱਛੇ ਮੌਜੂਦ ਡੇਰਾ ਸ਼ਰਧਾਲੂਆਂ ਬਾਰੇ ਵੀ ਦੱਸ ਚੁੱਕ ਹਾਂ।`
ਸੰਪਰਕ ਕੀਤੇ ਜਾਣ `ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਅੱਜ ਸ੍ਰੀ ਜਲਾਲ ਤੇ ਸ੍ਰੀ ਜਸਕਰਨ ਸਿੰਘ ਦੋਵਾਂ ਦੇ ਬਿਆਨ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸ੍ਰੀ ਜਲਾਲ ਨੂੰ ਇਸ ਵਾਰ ਸੱਦਿਆ ਨਹੀਂ ਸੀ, ਉਹ ਖ਼ੁਦ ਹੀ ਪੁੱਜੇ ਸਨ।