ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੋਏ ਪੁਲਿਸ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ` (SIT - Special Investigation Team) ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਦੇ ਬਿਆਨ ਦਰਜ ਕੀਤੇ। ਇਹ ਬਿਆਨ ਬਰਗਾੜੀ `ਚ ਲਏ ਗਏ। ਜੱਥੇਦਾਰ ਮੰਡ ਪਹਿਲਾਂ ਹੀ ਇਹ ਫ਼ੈਸਲਾ ਕਰ ਚੁੱਕੇ ਹਨ ਕਿ ਉਹ ਤਦ ਤੱਕ ਮੋਰਚੇ ਵਾਲੀ ਥਾਂ ਨਹੀਂ ਛੱਡਣਗੇ, ਜਦ ਤੱਕ ਕਿ ਸਾਰੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ। ਇਸੇ ਲਈ ਜਾਂਚ ਟੀਮ ਨੂੰ ਅੱਜ ਮੋਰਚੇ ਵਾਲੀ ਥਾਂ `ਤੇ ਆ ਕੇ ਹੀ ਜੱਥੇਦਾਰ ਮੰਡ ਦੇ ਬਿਆਨ ਲੈਣੇ ਪਏ।
ਇੰਸਪੈਕਟਰ ਜਨਰਲ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਮੁਤਵਾਜ਼ੀ ਜੱਥੇਦਾਰ ਦੇ ਬਿਆਨ ਦਰਜ ਕੀਤੇ ਹਨ।
ਜੱਥੇਦਾਰ ਮੰਡ ਨੇ ਦੱਸਿਆ ਕਿ ਉਹ ਧਰਨੇ ਵਾਲੀ ਥਾਂ `ਤੇ ਮੌਜੂਦ ਨਹੀਂ ਸਨ ਪਰ ਉਨ੍ਹਾਂ ਕੋਲ ਜਾਂਚ ਨਾਲ ਸਬੰਧਤ ਜਾਣਕਾਰੀ ਮੌਜੂਦ ਸੀ, ਜੋ ਉਨ੍ਹਾਂ ਜਾਂਚ ਟੀਮ ਨਾਲ ਸਾਂਝੀ ਕੀਤੀ ਹੈ।
ਇਸ ਜਾਂਚ ਟੀਮ ਨੂੰ ਭਾਈ ਪੰਥਪ੍ਰੀਤ ਸਿੰਘ, ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਇੱਕ ਹੋਰ ਮੁਤਵਾਜ਼ੀ ਜੱਥੇਦਾਰ ਅਮਰੀਕ ਸਿੰਘ ਅਜਨਾਲਾ ਪਹਿਲਾਂ ਹੀ ਆਪੋ-ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।