ਬਰਗਾੜੀ `ਚ ਸਾਲ 2015 ਦੌਰਾਨ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (SIT - Special Investigation Team) ਨੇ ਹੁਣ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੂੰ ਅਗਲੇ ਹਫ਼ਤੇ ਪੇਸ਼ ਹੋਣ ਲਈ ਸੰਮਨ ਭੇਜੇ ਹਨ।
ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਜਾਂਚ ਕਮੇਟੀ ਸਾਹਵੇਂ ਆਉਂਦੀ 16 ਨਵੰਬਰ ਨੂੰ, ਸ੍ਰੀ ਸੁਖਬੀਰ ਬਾਦਲ ਨੂੰ 19 ਨਵੰਬਰ ਨੂੰ ਅਤੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ `ਚ ਪੁੱਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਤਿੰਨੇ ਸੰਮਨ ਵੱਖੋ-ਵੱਖਰੇ ਭੇਜੇ ਗਏ ਹਨ।
ਇਸ ਦੀ ਪੁਸ਼ਟੀ ਆਈਪੀਜੀ (ਓਸੀਸੀਯੂ) ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਇਨ੍ਹਾਂ ਸਭਨਾਂ ਦਾ ਪੇਸ਼ ਹੋਣਾ ਕਾਨੂੰਨੀ ਤੌਰ `ਤੇ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਇਹ ਵਿਸ਼ੇਸ਼ ਜਾਂਚ ਟੀਮ ਬਠਿੰਡਾ ਦੇ ਉਦੋਂ ਦੇ ਆਈਜੀ ਤੇ ਹੁਣ ਏਡੀਜੀਪੀ ਜਿਤੇਂਦਰ ਜੈਨ, ਲੁਧਿਆਣਾ ਦੇ ਉਦੋਂ ਦੇ ਕਮਿਸ਼ਨਰ ਤੇ ਹੁਣ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ, ਫਿ਼ਰੋਜ਼ਪੁਰ ਰੇਂਜ ਦੇ ਉਦੋਂ ਦੇ ਡੀਆਈਜੀ ਤੇ ਹੁਣ ਆਈਜੀਪੀ ਅਮਰ ਸਿੰਘ ਚਾਹਲ, ਫ਼ਰੀਦਕੋਟ ਦੇ ਉਦੋਂ ਦੇ ਡੀਸੀ ਐੱਮਐੱਸ ਜੱਗੀ, ਫ਼ਰੀਦਕੋਟ ਦੇ ਉਦੋਂ ਦੇ ਐੱਸਐੱਸਪੀ ਐੱਸਐੱਸ ਮਾਨ, ਫ਼ਰੀਦਕੋਟ ਦੇ ਉਦੋਂ ਦੇ ਐੱਸਡੀਐੱਮ ਤੇ ਕੋਟਕਪੂਰਾ ਦੇ ਉਦੋਂ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਇਨ੍ਹਾਂ ਤੋਂ ਇਲਾਵਾ ਇਸੇ ਮਾਮਲੇ `ਚ 50 ਹੋਰ ਆਮ ਵਿਅਕਤੀਆਂ ਤੇ ਜੂਨੀਅਰ ਰੈਂਕ ਦੇ 30 ਪੁਲਿਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਮੈਂਬਰੀ ਇਸ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਇਸੇ ਟੀਮ ਹਵਾਲੇ ਕੀਤੀ ਗਈ ਸੀ।