ਪੰਜਾਬ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਰੋਜ਼ਾਨਾ ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪੰਜਾਬ 'ਚ 6 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਨ। ਹੁਣ ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ।
ਬੀਤੀ 18 ਮਾਰਚ ਨੂੰ ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਸਿਵਲ ਹਸਪਤਾਲ ਵਿਖੇ ਜਰਮਨੀ ਵਾਸੀ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਉਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਬਜ਼ੁਰਗ ਉਕਤ ਪਰਿਵਾਰ ਦਾ ਮੈਂਬਰ ਸੀ। ਇਸ ਦੀ ਪੁਸ਼ਟੀ ਸੂਬਾ ਪ੍ਰੋਗਰਾਮ ਅਧਿਕਾਰੀ ਡਾ. ਗਗਨਦੀਪ ਗਰੋਵਰ ਨੇ ਕੀਤੀ।

ਉਕਰ ਪਰਿਵਾਰ 'ਚ ਮ੍ਰਿਤਕ ਬਜ਼ੁਰਗ ਦੇ ਤਿੰਨ ਪੁੱਤਰਾਂ, ਜਿਨ੍ਹਾਂ ਦੀ ਉਮਰ 35 ਸਾਲ, 34 ਸਾਲ, 45 ਸਾਲ, ਦੋ ਬੇਟੀਆਂ ਉਮਰ 40 ਸਾਲ ਤੇ 36 ਸਾਲ ਅਤੇ ਪੋਤੀ ਉਮਰ 17 ਸਾਲ ਸ਼ਾਮਿਲ ਹੈ। ਇਨ੍ਹਾਂ ਸਾਰਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਅੰਕੜੇ ਮੁਤਾਬਕ ਅੱਜ ਸਨਿੱਚਰਵਾਰ ਸ਼ਾਮ ਤਕ ਪੰਜਾਬ 'ਚ ਕੋਰੋਨਾ ਵਾਇਰਸ ਸ਼ੱਕੀ 181 ਲੋਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ 'ਚ 13 ਲੋਕਾਂ ਦੀ ਰਿਪੋਰਟ ਕੋਰੋਨਾ ਵਾਇਰਸ ਪਾਜੀਟਿਵ ਆਈ ਹੈ ਅਤੇ ਇੱਕ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਹੈ ਕਿ ਇਨ੍ਹਾਂ 181 ਲੋਕਾਂ 'ਚੋਂ 141 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਦਿ 27 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜੀਟਿਵ ਮਾਮਲਾ ਅੰਮ੍ਰਿਤਸਰ ਵਿਖੇ ਸਾਹਮਣੇ ਆਇਆ ਸੀ।
ਦੂਜਾ ਮਾਮਲਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਾਸੀ 70 ਸਾਲਾ ਬਜ਼ੁਰਗ ਦਾ ਸਾਹਮਣੇ ਆਇਆ ਸੀ, ਜਿਸ ਦੀ ਬੀਤੀ 18 ਮਾਰਚ ਨੂੰ ਮੌਤ ਹੋ ਗਈ ਸੀ।
ਤੀਜਾ ਮਾਮਲਾ ਮੋਹਾਲੀ 'ਚ ਸਾਹਮਣੇ ਆਇਆ ਸੀ, ਜਿੱਥੇ ਯੂਕੇ ਤੋਂ ਪਰਤੀ 69 ਸਾਲਾ ਬਜ਼ੁਰਗ ਔਰਤ ਦੀ ਰਿਪੋਰਟ ਪਾਜੀਟਿਵ ਆਈ ਸੀ।
ਚੌਥਾ ਮਾਮਲਾ ਮੋਹਾਲੀ 'ਚ ਸਾਹਮਣੇ ਆਇਆ ਹੈ। 42 ਸਾਲਾ ਵਿਅਕਤੀ ਲੰਦਨ ਤੋਂ ਪਰਤਿਆ ਸੀ।
ਤਸਵੀਰਾਂ : ਸਮੀਰ ਸਹਿਗਲ
ਪੰਜਵਾਂ ਮਾਮਲਾ ਉਕਤ 69 ਸਾਲਾ ਬਜ਼ੁਰਗ ਔਰਤ ਨਾਲ ਸਬੰਧਤ ਹੈ, ਜਿਸ ਦੀ 74 ਸਾਲਾ ਭੈਣ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਹੈ।
ਛੇਵਾਂ ਕੇਸ ਚੰਡੀਗੜ੍ਹ ਦੀ ਇੰਗਲੈਂਡ ਤੋਂ ਪਰਤੀ ਕੋਰੋਨਾ ਪੀੜਤਾ ਕੁੜੀ ਨਾਲ ਜੁੜਿਆ ਹੈ। ਇਸ ਕੁੜੀ ਦੀ ਮੋਹਾਲੀ 'ਚ ਰਹਿੰਦੀ ਸਹੇਲੀ ਵੀ ਇਸ ਦੇ ਸੰਪਰਕ 'ਚ ਆਈ ਸੀ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ।
ਸੱਤਵੇਂ ਮਾਮਲੇ 'ਚ ਅੰਮ੍ਰਿਤਸਰ ਵਿਖੇ 36 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਅਕਤੀ ਬੀਤੀ 19 ਮਾਰਚ ਨੂੰ ਦੁਬਈ ਤੋਂ ਪੰਜਾਬ ਪਰਤਿਆ ਸੀ। ਉਹ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੂ ਰਾਮ ਦਾਸ ਜੀ ਵਿਖੇ ਉਤਰਿਆ ਸੀ।
ਬਾਕੀ ਛੇ ਮਾਮਲੇ ਅੱਜ ਉਕਤ ਪਰਿਵਾਰ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਸਾਹਮਣੇ ਆਏ ਹਨ।