ਹਰਿਆਣਾ ਪੁਲਿਸ ਨੇ ਬੁੱਧਵਾਰ ਨੂੰ ਰੋਹਤਕ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 40 ਲੱਖ ਰੁਪਏ ਦੱਸੀ ਜਾ ਰਹੀ ਹੈ।
ਮੁਲਜ਼ਮ ਦੀ ਪਛਾਣ ਬਲਜੀਤ ਵਜੋਂ ਹੋਈ ਹੈ ਜੋ ਭਿਵਾਨੀ ਜ਼ਿਲ੍ਹੇ ਦੇ ਰੋਹਨਾਤ ਪਿੰਡ ਦਾ ਰਹਿਣ ਵਾਲਾ ਹੈ। ਰੋਹਤਕ-ਦਿੱਲੀ ਰੋਡ 'ਤੇ ਜਾਂਚ ਦੌਰਾਨ ਪੁਲਿਸ ਨੇ ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਬਲਜੀਤ ਨੂੰ ਫੜ ਲਿਆ। ਜਾਂਚ ਦੌਰਾਨ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਨੂੰ ਇੱਕ ਵਿਦੇਸ਼ੀ ਕੋਲੋਂ ਦਿੱਲੀ ਦੇ ਉੱਤਮ ਨਗਰ ਵਿੱਚ ਖ਼ਰੀਦਿਆ ਸੀ ਅਤੇ ਉਹ ਇਸ ਨੂੰ ਰੋਹਤਕ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਮਹਿੰਗੇ ਭਾਅ ਉੱਤੇ ਵੇਚਣ ਜਾ ਰਿਹਾ ਸੀ। ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।