ਅਮਰੀਕੀ ਸੂਬੇ ਟੈਕਸਾਸ ’ਚ ਅਲ ਪਾਸੋ ਸ਼ਹਿਰ ਦੀ ਜੇਲ੍ਹ ਵਿੱਚ ਪਿਛਲੇ ਇੱਕ ਮਹੀਨੇ ਤੋਂ ਛੇ ਪੰਜਾਬੀ ਤੇ ਕਿਊਬਨ ਕੈਦੀ ਭੁੱਖ–ਹੜਤਾਲ ’ਤੇ ਹਨ ਪਰ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨੂੰ ਜ਼ਬਰਦਸਤੀ ਭੋਜਨ ਦੇ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਕੈਦੀਆਂ ਦੀਆਂ ਨਾਸਾਂ ਵਿੱਚੋਂ ਦੀ ਪਲਾਸਟਿਕ ਦੀਆਂ ਟਿਊਬਾਂ ਉਨ੍ਹਾਂ ਦੇ ਮਿਹਦਿਆਂ ਤੱਕ ਪਹੁੰਚਾਈਆਂ ਹੋਈਆਂ ਹਨ ਤੇ ਇੰਝ ਉਨ੍ਹਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।
ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ICE) ਮੁਤਾਬਕ ਅਲ–ਪਾਸੋ ਪ੍ਰੋਸੈਸਿੰਗ ਸੈਂਟਰ ਵਿਖੇ 11 ਕੈਦੀ ਇਸ ਵੇਲੇ ਖਾਣਾ ਨਹੀਂ ਖਾ ਰਹੇ ਅਤੇ ਇਨ੍ਹਾਂ ਵਿੱਚੋਂ ਕੁਝ ਨੇ ਤਾਂ 30 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਆਪਣਾ ਖਾਣਾ ਛੱਡਿਆ ਹੋਇਆ ਹੈ। ਕੈਦੀਆਂ ਦੇ ਇੱਕ ਰਿਸ਼ਤੇਦਾਰ ਤੇ ਇੱਕ ਵਕੀਲ ਨੇ ਖ਼ਬਰ ਏਜੰਸੀ ਏਪੀ ਤੱਕ ਪਹੁੰਚ ਕਰ ਕੇ ਦੱਸਿਆ ਕਿ ਭਾਰਤ ਅਤੇ ਕਿਊਬਾ ਦੇ ਲਗਭਗ 30 ਕੈਦੀ ਇਸ ਵੇਲੇ ਖਾਣਾ ਨਹੀਂ ਖਾ ਰਹੇ ਤੇ ਉਨ੍ਹਾਂ ਵਿੱਚੋਂ ਕੁਝ ਤਾਂ ਹੁਣ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਨਾ ਤਾਂ ਖੜ੍ਹੇ ਹੋ ਸਕਦੇ ਹਨ ਤੇ ਨਾ ਕੋਈ ਗੱਲਬਾਤ ਕਰ ਸਕਦੇ ਹਨ।
ਚਾਰ ਹੋਰ ਕੈਦੀ ਮਿਆਮੀ, ਫ਼ੀਨਿਕਸ, ਸਾਨ ਡੀਐਗੋ ਤੇ ਸਾਨ ਫ਼ਰਾਂਸਿਸਕੋ ਦੀਆਂ ਜੇਲ੍ਹਾਂ ਵਿੱਚ ਭੁੱਖ–ਹੜਤਾਲ ’ਤੇ ਹਨ।
ਦਰਅਸਲ, ਇਨ੍ਹਾਂ ਕੈਦੀਆਂ ਨਾਲ ਗਾਰਡਾਂ ਵੱਲੋਂ ਜ਼ੁਬਾਨੀ ਦੁਰਵਿਹਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਡੀਪੋਰਟ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸੇ ਦੇ ਰੋਸ ਵਜੋਂ ਇਹ ਕੈਦੀ ਭੁੱਖ ਹੜਤਾਲ ’ਤੇ ਹਨ। ਇਸ ਤੋਂ ਇਲਾਵਾ ਕਾਨੂੰਨੀ ਸੁਣਵਾਈਆਂ ਦੀ ਉਡੀਕ ਕਰਦੇ ਸਮੇਂ ਉਨ੍ਹਾਂ ਨੂੰ ਲੰਮਾ ਸਮਾਂ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ।
ਇਨ੍ਹਾਂ ਕੈਦੀਆਂ ਨੇ ਲਗਭਗ ਨਵੇਂ ਵਰ੍ਹੇ 2019 ਦੇ ਸ਼ੁਰੂ ਵਿੱਚ ਹੀ ਖਾਣਾ ਛੱਡ ਦਿੱਤਾ ਸੀ। ਉਸ ਦੇ ਦੋ ਹਫ਼ਤਿਆਂ ਬਾਅਦ ਇੱਕ ਕੇਂਦਰੀ ਅਦਾਲਤ ਦੇ ਜੱਜ ਨੇ ਅਲ ਪਾਸੋ ਦੇ ਕੁਝ ਕੈਦੀਆਂ ਨੂੰ ਜ਼ਬਰਦਸਤੀ ਖਾਣਾ ਖਵਾਉਣ ਲਈ ਆਖਿਆ ਸੀ।
ਕੈਲੀਫ਼ੋਰਨੀਆ ਦੇ ਅੰਮ੍ਰਿਤ ਸਿੰਘ, ਜਿਨ੍ਹਾਂ ਦੇ ਦੋ ਭਤੀਜੇ ਪੰਜਾਬ ਤੋਂ ਅਮਰੀਕਾ ਆਏ ਸਨ ਤੇ ਇਸ ਵੇਲੇ ਜੇਲ੍ਹ ਵਿੱਚ ਉਹ ਵੀ ਭੁੱਖ ਹੜਤਾਲ ’ਤੇ ਹਨ, ਨੇ ਦੱਸਿਆ ਕਿ ਜਿਨ੍ਹਾਂ ਦੇ ਨੱਕਾਂ ਵਿੱਚ ਟਿਊਬਾਂ ਲਾਈਆਂ ਹੋਈਆਂ ਹਨ, ਉਨ੍ਹਾਂ ਦੇ ਨੱਕ ਵਿੱਚੋਂ ਅਕਸਰ ਖ਼ੂਨ ਵਗਦਾ ਰਹਿੰਦਾ ਹੈ ਤੇ ਉਹ ਦਿਨ ਵਿੱਚ ਕਈ ਵਾਰ ਉਲਟੀਆਂ ਕਰਦੇ ਹਨ।
ਇੱਕ ਹੜਤਾਲੀ ਹਿਰਾਸਤੀ ਦੇ ਮਿਸ਼ੀਗਨ ਸਥਿਤ ਵਕੀਲ ਰੂਬੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਤਿੰਨ ਹਫ਼ਤਿਆਂ ਤੋਂ ਟਿਊਬਾਂ ਲਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹਿਰਾਸਤੀ ਕੈਦੀਆਂ ਨੂੰ ਮਾਨਿਸਕ ਤੌਰ ’ਤੇ ਕਾਫ਼ੀ ਪਰੇਸ਼ਾਨ ਕੀਤਾ ਜਾਂਦਾ ਹੈ।