ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਤੋਂ ਲੋਕ ਸਭਾ ਚੋਣਾਂ ਵਿਚ ਆਪਣੇ ਖਰਚੇ ਦਾ ਬਿਊਰਾ ਦੇਣ ਨੂੰ ਕਿਹਾ ਗਿਆ ਹੈ। ਕਿਉਂਕਿ ਪਤਾ ਲੱਗਿਆ ਕਿ ਉਨ੍ਹਾਂ ਦਾ ਚੋਣ ਖਰਚਾ 70 ਲੱਖ ਰੁਪਏ ਦੀ ਸੀਮਾ ਤੋਂ ਜ਼ਿਆਦਾ ਸੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਰਦਾਸਪੁਰ ਜ਼ਿਲ੍ਹਾ ਚੋਣ ਅਧਿਕਾਰੀ–ਸਹਿ–ਡਿਪਟੀ ਕਮਿਨਸ਼ਰ ਵਿਪੁਲ ਉਜਵਲ ਨੇ ਦਿਓਲ ਨੂੰ ਚੋਣ ਖਰਚ ਖਾਤੇ ਦਾ ਬਿਊਰਾ ਦੇਣ ਲਈ ਨੋਟਿਸ ਜਾਰੀ ਕੀਤਾ। ਉਜਵਲ ਨੇ ਕਿਹਾ ਕਿ ਪਤਾ ਲੱਗਿਆ ਕਿ ਉਨ੍ਹਾਂ ਦਾ ਚੋਣ ਖਰਚ 70 ਲੱਖ ਤੋਂ ਜ਼ਿਆਦਾ ਸੀ। ਦਿਓਲ ਨੇ ਗੁਰਦਾਸਪੁਰ ਸੀਟ ਉਤੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਉਜਵਲ ਨੇ ਚੋਣ ਖਰਚ ਦੇ ਅੰਕੜੇ ਉਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪ੍ਰੰਤੂ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼ੁਰੂਆਤ ਗਣਨਾ ਅਨੁਸਾਰ, ਦਿਓਲ ਦਾ ਚੋਣ ਖਰਚ 86 ਲੱਖ ਰੁਪਏ ਪਾਇਆ ਗਿਆ, ਦੂਜੇ ਸਥਾਨ ਉਤੇ ਰਹੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦਾ ਖਰਚ 63 ਲੱਖ ਹੈ।
ਵਕੀਲ ਨੇ ਕਿਹਾ, ਹਿਸਾਬ ਲਗਾਉਣ ਵਿਚ ਹੋਈ ਗਲਤੀ
ਸੰਨੀ ਦਿਓਲ ਨੇ ਕਾਨੂੰਨੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਂਸਦ ਦੇ ਚੋਣ ਖਰਚ ਦਾ ਹਿਸਾਬ–ਕਿਤਾਬ ਲਗਾਉਣ ਵਿਚ ਚੋਣ ਕਮਿਸ਼ਨ ਦੀ ਟੀਮ ਤੋਂ ਗਲਤੀ ਹੋਈ ਹੈ। ਚੋਣ ਖਰਚ ਦੀ ਜਾਂਚ ਕਰ ਰਹੇ ਆਬਜਰਵਰਾਂ ਨੂੰ ਸਹੀ ਖਰਚ ਦੀ ਵਿਸਥਾਰ ਨਾਲ ਜਾਣਕਾਰੀ ਦੇ ਦਿੱਤੀ ਜਾਵੇਗੀ।
ਸੀਮਾ ਤੋਂ ਜ਼ਿਆਦਾ ਖਰਚ ਨਿਕਲਿਆ ਤਾਂ ਹੋਵੇਗੀ ਕਾਰਵਾਈ
ਜੇਕਰ ਕਿਸੇ ਜਿੱਤੇ ਹੋਏ ਸਾਂਸਦ ਬਾਰੇ ਇਹ ਸਾਬਤ ਹੋ ਜਾਂਦਾ ਹੈ ਕਿ ਉਸਨੇ 70 ਲੱਖ ਤੋਂ ਜ਼ਿਆਦਾ ਖਰਚ ਕੀਤਾ ਹੈ ਤਾਂ ਉਸ ਉਤੇ ਸਖਤ ਕਾਰਵਾਈ ਦਾ ਪ੍ਰਬੰਧ ਹੈ। ਇੱਥੋਂ ਤੱਕ ਕਿ ਜਿੱਤੇ ਹੋਏ ਉਮੀਦਵਾਰ ਦੀ ਮੈਂਬਰਸ਼ਿਪ ਰਦ ਕਰਕੇ ਦੂਜੇ ਨੰਬਰ ਉਤੇ ਰਹੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ।