ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸੰਵਿਧਾਨ ਦਿਵਸ ਮੌਕੇ 'ਤੇ 26 ਨਵੰਬਰ, 2019 ਨੂੰ ਆਪਣੇ ਵਿਸ਼ੇਸ਼ ਸੈਸ਼ਨ ਲਈ 15ਵੀਂ ਪੰਜਾਬ ਵਿਧਾਨ ਸਭਾ ਨੂੰ ਸੱਦਾ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ ਵਿੱਚ ਸੰਵਿਧਾਨ ਦਿਵਸ ਦੇ ਯਾਦਗਾਰੀ ਸਮਾਗਮ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁੱਧਵਾਰ 6 ਨਵੰਬਰ ਨੂੰ ਸਵੇਰੇ 11 ਵਜੇ ਬੁਲਾਇਆ ਗਿਆ ਸੀ।
ਇਸ ਸੈਸ਼ਨ ਦੀ ਖ਼ਾਸੀਅਤ ਇਹ ਰਹੀ ਕਿ ਪੰਜਾਬ ਤੇ ਹਰਿਆਣਾ ਦੋਵੇਂ ਸੁਬਿਆਂ ਦੇ ਮੁੱਖ ਮੰਤਰੀ, ਕੈਬਿਨੇਟ ਮੰਤਰੀ ਤੇ ਵਿਧਾਇਕ ਉੱਥੇ ਮੌਜੂਦ ਰਹੇ। ਪੰਜਾਬ ਤੇ ਹਰਿਆਣਾ ਦੇ ਵਿਧਾਇਕ ਇਸ ਤੋਂ ਪਹਿਲਾਂ ਇੰਝ ਕਦੇ ਵੀ ਇਕੱਠੇ ਨਹੀਂ ਹੋਏ।
ਭਾਰਤ ਦੇ ਉੱਪ–ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਵਜੋਂ ਖ਼ਾਸ ਤੌਰ ਉੱਤੇ ਪੁੱਜੇ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਮੌਜੂਦ ਸਨ ਹੀ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਉੱਥੇ ਮੌਜੂਦ ਰਹੇ। ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ।